ਸਾਈਬਰ ਮਾਹਰਾਂ ਦੇ ਈ.ਵੀ.ਐਮ. ਹੈਕਿੰਗ ਦੇ ਦਾਅਵੇ ਦੀ ਹੋਵੇ ਜਾਂਚ : ਸਿੱਬਲ

01/22/2019 8:15:34 PM

ਲੰਡਨ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਮੰਗਲਵਾਰ ਨੂੰ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਹੈਕਿੰਗ ਨਾਲ ਜੁੜੇ ਸਾਈਬਰ ਮਾਹਰ ਸਈਅਦ ਸ਼ੁਜਾ ਦਾ ਦਾਅਵਾ ਬਹੁਤ ਗੰਭੀਰ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਭਾਰਤ ਵਿਚ ਲੋਕਤੰਤਰ ਦੇ ਭਵਿੱਖ ਨਾਲ ਸਬੰਧਿਤ ਵਿਸ਼ਾ ਹੈ। ਉਨ੍ਹਾਂ ਨੇ ਲੰਡਨ ਵਿਚ ਆਯੋਜਿਤ ਹੈਕੇਥਾਨ ਵਿਚ ਆਪਣੀ ਮੌਜੂਦਗੀ ਨੂੰ ਲੈ ਕੇ ਭਾਜਪਾ ਵਲੋਂ ਸਵਾਲ ਖੜ੍ਹੇ ਕੀਤੇ ਜਾਣ 'ਤੇ ਕਿਹਾ ਕਿ ਉਹ ਇਸ ਹੈਕੇਥਾਨ ਦੇ ਆਯੋਜਕ ਅਤੇ ਪੱਤਰਕਾਰ ਆਸ਼ੀਸ਼ ਰੇ ਦੇ ਸੱਦੇ 'ਤੇ ਵਿਅਕਤੀਗਤ ਹੈਸੀਅਤ ਨਾਲ ਉਥੇ ਪਹੁੰਚੇ ਸਨ। ਦਰਅਸਲ, ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਦੋਸ਼ ਲਗਾਇਆ ਕਿ ਲੰਡਨ ਵਿਚ ਆਯੋਜਿਤ ਹੈਕੇਥਾਨ ਨੂੰ ਕਾਂਗਰਸ ਸਮਰਪਿਤ ਲੋਕਾਂ ਨੇ ਆਯੋਜਿਤ ਕੀਤਾ ਸੀ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਉਸ ਦੀ ਮਾਨੀਟਰਿੰਗ ਲਈ ਉਥੇ ਗਏ ਸਨ। ਸਿੱਬਲ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜੋ ਦੋਸ਼ ਉਸ ਨੇ ਲਗਾਏ ਹਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਸੁਪਰੀਮ ਕੋਰਟ ਅਤੇ ਕਾਨੂੰਨ ਕਹਿੰਦਾ ਹੈ ਕਿ ਐਫ.ਆਈ.ਆਰ. ਦਰਜ ਹੋਣੀ ਚਾਹੀਦੀ ਹੈ। ਜੇਕਰ ਕੋਈ ਦੋਸ਼ ਲਗਾ ਰਿਹਾ ਹੈ ਤਾਂ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਦੋਸ਼ ਸਹੀ ਹਨ ਜਾਂ ਨਹੀਂ। ਜੇਕਰ ਦੋਸ਼ ਗਲਤ ਹਨ ਤਾਂ ਉਸ ਖਿਲਾਫ ਕਾਰਵਾਈ ਕਰੀਏ। ਜੇਕਰ ਦੋਸ਼ ਸਹੀ ਹਨ ਤਾਂ ਇਹ ਬਹੁਤ ਗੰਭੀਰ ਚੀਜ਼ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੁਤੰਤਰ ਅਤੇ ਨਿਰਪੱਖ ਚੋਣਾਂ ਦਾ ਮੁੱਦਾ ਹੈ। ਮੁੱਦਾ ਇਹ ਹੈ ਕਿ ਕੀ ਈ.ਵੀ.ਐਮ. ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਇਹ ਭਾਰਤ ਦੇ ਲੋਕਤੰਤਰ ਦੇ ਅਕਸ ਨਾਲ ਸਬੰਧਿਤ ਮੁੱਦਾ ਵੀ ਹੈ। ਜ਼ਿਕਰਯੋਗ ਹੈ ਕਿ ਸਈਅਦ ਸ਼ੁਜਾ ਨਾਮਕ ਸ਼ਖਸ ਨੇ ਸੋਮਵਾਰ ਨੂੰ ਲੰਡਨ ਵਿਚ ਸਕਾਈਪ ਰਾਹੀਂ ਪੱਤਰਕਾਰ ਸੰਮੇਲਨ ਕੀਤਾ ਅਤੇ ਦਾਅਵਾ ਕੀਤਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਈ.ਵੀ.ਐਮ. ਹੈਕ ਕੀਤੀ ਗਈ ਸੀ। ਉਸ ਨੇ ਕਿਹਾ ਕਿ ਆਪਣੀ ਟੀਮ ਦੇ ਕੁਝ ਮੈਂਬਰਾਂ ਨੂੰ ਕਤਲ ਕੀਤੇ ਜਾਣ ਤੋਂ ਬਾਅਦ ਉਹ ਡਰ ਮਹਿਸੂਸ ਕਰ ਰਿਹਾ ਸੀ ਇਸ ਲਈ 2014 ਵਿਚ ਭਾਰਤ ਤੋਂ ਭੱਜ ਆਇਆ ਸੀ। ਓਧਰ, ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਦਿੱਲੀ ਪੁਲਸ ਨੂੰ ਇਸ ਸਾਈਬਰ ਮਾਹਰਾਂ ਖਿਲਾਫ ਇਕ ਐਫ.ਆਈ.ਆਰ. ਦਰਜ ਕਰਨ ਨੂੰ ਕਿਹਾ ਹੈ।


Sunny Mehra

Content Editor

Related News