ਯੂਕਰੇਨ ਦੀ ਸੈਨਾ ਅਤੇ ਬੈਂਕਾਂ ''ਤੇ ਸਾਈਬਰ ਹਮਲਾ

Wednesday, Feb 16, 2022 - 12:51 PM (IST)

ਯੂਕਰੇਨ ਦੀ ਸੈਨਾ ਅਤੇ ਬੈਂਕਾਂ ''ਤੇ ਸਾਈਬਰ ਹਮਲਾ

ਕੀਵ (ਭਾਸ਼ਾ): ਰੂਸ ਦੇ ਹਮਲੇ ਦੇ ਖਤਰੇ ਦੇ ਵਿਚਕਾਰ ਯੂਕਰੇਨ ਦੇ ਰੱਖਿਆ ਮੰਤਰਾਲੇ, ਪ੍ਰਮੁੱਖ ਬੈਂਕਾਂ ਅਤੇ ਸੈਨਾ 'ਤੇ ਲੜੀਬੱਧ ਵਿਧੀ ਨਾਲ ਮੰਗਲਵਾਰ ਨੂੰ ਸਾਈਬਰ ਹਮਲਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਹਮਲੇ ਦੀ ਆੜ ਵਿਚ ਗੰਭੀਰ ਸਾਈਬਰ ਹਮਲਾ ਹੋਣ ਦੇ ਸੰਕੇਤ ਹੁਣ ਤੱਕ ਨਹੀਂ ਮਿਲੇ ਹਨ। ਤਕਨੀਕੀ ਭਾਸ਼ਾ ਵਿੱਚ ਇਸ ਨੂੰ ‘ਡਿਸਟ੍ਰੀਬਿਊਟਿਡ ਡਿਨਾਇਲ ਆਫ ਸਰਵਿਸ’ (ਡੀਡੀਓਐਸ) ਹਮਲਾ ਦੱਸਿਆ ਜਾ ਰਿਹਾ ਹੈ, ਜਿਸਦਾ ਅਰਥ ਹੈ ਕਿ ਕਿਸੇ ਸਰਵਰ ਨੂੰ ਨਿਸ਼ਾਨਬੱਧ ਕਰਨ ਕੇ ਉਸ 'ਤੇ ਇੰਟਰਨੈੱਟ ਡਾਟਾ ਦੀ ਬੌਛਾਰ ਕਰ ਦੇਣਾ, ਤਾਂ ਜੋ ਸਿੱਧੇ ਤੌਰ 'ਤੇ ਆਉਣ ਵਾਲੇ ਡਾਟਾ ਵਿਚ ਰੁਕਾਵਟ ਪਵੇ।  

ਇਸ ਹਮਲੇ ਕਾਰਨ ਯੂਕਰੇਨ ਦੀਆਂ ਘੱਟੋ-ਘੱਟ 10 ਵੈਬਸਾਈਟਾਂ ਬੰਦ ਹੋ ਗਈਆਂ, ਜਿਹਨਾਂ ਵਿਚ ਰੱਖਿਆ, ਵਿਦੇਸ਼ ਅਤੇ ਸੱਭਿਆਚਾਰ ਮੰਤਰਾਲੇ ਦੀਆਂ ਵੈਬਸਾਈਟਾਂ ਸ਼ਾਮਲ ਸਨ। ਇਸ ਦੇ ਇਲਾਵਾ ਦੋ ਸਭ ਤੋਂ ਵੱਡੇ ਸਰਕਾਰੀ ਬੈਂਕਾਂ ਦੀਆਂ ਵੈਬਸਾਈਟਾਂ ਵੀ ਪ੍ਰਭਾਵਿਤ ਹੋਈਆਂ। ਇਸ ਤਰ੍ਹਾਂ ਦੇ ਹਮਲਿਆਂ ਵਿਚ ਵੈਬਸਾਈਟ 'ਤੇ ਭਾਰੀ ਮਾਤਰਾ ਵਿਚ 'ਜੰਕ ਡਾਟਾ' ਭੇਜਿਆ ਜਾਂਦਾ ਹੈ, ਜਿਸ ਨਾਲ ਵੈਬਸਾਈਟ ਨਹੀਂ ਖੁੱਲ੍ਹਦੀ। ਯੂਕਰੇਨ ਦੇ ਸੀਨੀਅਰ ਸਾਈਬਰ ਰੱਖਿਆ ਅਧਿਕਾਰੀ ਵਿਕਟਰ ਝੋਰਾ ਨੇ ਕਿਹਾ ਕਿ ਇਸ ਡੀਡੀਓਐਸ ਹਮਲੇ ਤੋਂ ਕਿਸੇ ਹੋਰ ਕਿਸਮ ਦੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਆਫਤ ਪ੍ਰਤੀਕਿਰਿਆ ਦਲ ਹਮਲਾਵਰਾਂ ਦਾ ਸੰਪਰਕ ਕੱਟਣ ਅਤੇ ਸੇਵਾਵਾਂ ਬਹਾਲ ਕਰਨ ਵਿਚ ਜੁਟਿਆ ਹੋਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਕੂਟਨੀਤਕ ਪਹਿਲ ਤੋਂ ਬਾਅਦ ਯੂਕ੍ਰੇਨ ਸੰਕਟ ਟਲਣ ਦੀ ਉਮੀਦ, ਰੂਸ ਨੇ ਵਾਪਸ ਸੱਦੇ ਫ਼ੌਜੀ

ਨੈੱਟਵਰਕ ਪ੍ਰਬੰਧਨ ਕੰਪਨੀ 'ਕੇਨਟਿਕ ਇੰਕ' ਵਿਚ ਇੰਟਰਨੈੱਟ ਵਿਸ਼ਲੇਸ਼ਣ ਦੇ ਨਿਰਦੇਸ਼ਕ ਡਗ ਮਡੋਰੀ ਨੇ ਕਿਹਾ ਕਿ ਹਮਲਾਵਰਾਂ ਦੇ ਨਿਸ਼ਾਨੇ 'ਤੇ ਯੂਕਰੇਨ ਦੀ ਫ਼ੌਜ ਅਤੇ ਬੈਂਕ ਸਨ। ਯੂਕਰੇਨ ਦੇ ਸੂਚਨਾ ਮੰਤਰਾਲੇ ਦੇ ਰਣਨੀਤਕ ਸੰਚਾਰ ਅਤੇ ਸੂਚਨਾ ਸੁਰੱਖਿਆ ਕੇਂਦਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਨਿਵੇਸ਼ਕਾਂ ਦੇ ਧਨ ਨੂੰ ਕੋਈ ਖਤਰਾ ਨਹੀਂ ਹੈ। ਝੋਰਾ ਨੇ ਕਿਹਾ ਕਿ ਇਸ ਹਮਲੇ ਤੋਂ ਯੂਕਰੇਨ ਦੀਆਂ ਸੈਨਾਵਾਂ ਦੀ ਸੰਚਾਰ ਵਿਵਸਥਾ ਪ੍ਰਭਾਵਿਤ ਨਹੀਂ ਹੋਈ ਹੈ। ਉਹਨਾਂ ਨੇ ਕਿਹਾ ਕਿ ਹਮਲੇ ਦੇ ਪਿੱਛੇ ਕੌਣ ਹੈ ਇਸ 'ਤੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਮੰਤਰਾਲੇ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਵਿਚ ਰੂਸ ਦਾ ਹੱਥ ਹੋ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News