ਟਹਿਲਣ ਨਿਕਲੀਆਂ ਸਨ 3 ਕੁੜੀਆਂ ਤੇ ਅਚਾਨਕ ਪਿੱਛਿਓਂ ਆ ਗਿਆ ਭਾਲੂ (ਵੀਡੀਓ)
Monday, Jul 20, 2020 - 08:03 PM (IST)
ਮੈਕਸੀਕੋ ਸਿਟੀ: ਮੈਕਸੀਕੋ ਦੇ ਸਾਨ ਪੈਦ੍ਰੋ ਗਾਰਜਾ ਗ੍ਰੇਸੀਆ ਸ਼ਹਿਰ ਦੇ ਚਿਪਿਨਕੇ ਇਕੋਲਾਜਿਕਲ ਪਾਰਕ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਥੇ ਘੁੰਮਣ ਆਈਆਂ ਤਿੰਨ ਲੜਕੀਆਂ ਜਦੋਂ ਜੰਗਲ ਵਿਚ ਹਾਈਕਿੰਗ ਕਰ ਰਹੀਆਂ ਸਨ ਤਾਂ ਅਚਾਨਕ ਉਨ੍ਹਾਂ ਪਿੱਛੇ ਇਕ ਕਾਲੇ ਰੰਗ ਦਾ ਭਾਲੂ ਆ ਗਿਆ। ਲੜਕੀਆਂ ਗੱਲਬਾਤ ਵਿਚ ਵਿਅਸਤ ਸਨ ਪਰ ਭਾਲੂ ਬਹੁਤ ਹੌਲੀ-ਹੌਲੀ ਉਨ੍ਹਾਂ ਦੇ ਨੇੜੇ ਆ ਗਿਆ ਤੇ ਸਰਿਆਂ ਤੋਂ ਪਿੱਛੇ ਵਾਲੀ ਲੜਦੀ ਨੂੰ ਦੋ ਪੈਰਾਂ 'ਤੇ ਖੜ੍ਹਾ ਹੋ ਕੇ ਸੁੰਘਣ ਲੱਗਿਆ।
ਡੇਲੀ ਮੇਲ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਸ ਹੋ ਰਹੀ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਲੜਕੀਆਂ ਸ਼ੁਰੂਆਤ ਵਿਚ ਤਾਂ ਘਬਰਾ ਗਈਆਂ ਸਨ ਪਰ ਭਾਲੂ ਦਾ ਦੋਸਤਾਨਾ ਵਤੀਰਾ ਦੇਖਕੇ ਉਹ ਆਮ ਹੋ ਗਈਆਂ। ਇਕ ਲੜਕੀ ਨੇ ਤਾਂ ਨਾ ਸਿਰਫ ਫੋਨ ਕੱਢ ਕੇ ਭਾਲੂ ਦੇ ਨਾਲ ਸੈਲਫੀ ਲੈਣੀ ਸ਼ੁਰੂ ਕਰ ਦਿੱਤੀ ਬਲਕਿ ਇਸ ਘਟਨਾ ਦੀ ਵੀਡੀਓ ਵੀ ਬਣਾ ਲਈ। ਜਾਣਕਾਰਾਂ ਮੁਤਾਬਕ ਭਾਲੂ ਇਨਸਾਨਾਂ ਨੂੰ ਦੇਖ ਕੇ ਹਮਲਾਵਰ ਨਹੀਂ ਹੋਇਆ ਸੀ ਤੇ ਕਾਫੀ ਦੋਸਤਾਨਾ ਵਤੀਰਾ ਕਰ ਰਿਹਾ ਸੀ। ਭਾਲੂ ਸਿਰਫ ਉਤਸੁਕਤਾ ਕਾਰਣ ਲੜਕੀਆਂ ਦੇ ਕੋਲ ਆਇਆ ਸੀ ਤੇ ਸੁੰਘ ਕੇ ਖਤਰੇ ਦਾ ਅੰਦਾਜ਼ਾ ਲਗਾ ਰਿਹਾ ਸੀ। ਜਾਣਕਾਰਾਂ ਮੁਤਾਬਕ ਜੇਕਰ ਭਾਲੂ ਨੂੰ ਦੇਖ ਕੇ ਲੜਕੀਆਂ ਰੌਲਾ ਪਾਉਂਦੀਆਂ ਜਾਂ ਫਿਰ ਡਰ ਗਈਆਂ ਹੁੰਦੀਆਂ ਤਾਂ ਸ਼ਾਇਦ ਡਰਕੇ ਭਾਲੂ ਵੀ ਹਮਲਾ ਕਰ ਸਕਦਾ ਸੀ।
ਸੁੰਘ ਕੇ ਵਾਪਸ ਚਲਾ ਗਿਆ ਭਾਲੂ
ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਭਾਲੂ ਪਹਿਲਾਂ ਲੜਕੀਆਂ ਨੂੰ ਸੁੰਘਦਾ ਹੈ ਤੇ ਫਿਰ ਸਾਹਮਣੇ ਆ ਕੇ ਵੀ ਥੋੜੀ ਦੇਰ ਉਨ੍ਹਾਂ ਨੂੰ ਸੁੰਘਦਾ ਹੈ ਪਰ ਲੜਕੀਆਂ ਸ਼ਾਂਤੀ ਨਾਲ ਖੜੀਆਂ ਰਹਿੰਦੀਆਂ ਹਨ। ਹਾਲਾਂਕਿ ਕੁਝ ਹੀ ਮਿੰਟਾਂ ਵਿਚ ਭਾਲੂ ਫਿਰ ਆਪਣੇ ਰਸਤੇ ਚਲਿਆ ਗਿਆ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਈ ਵੱਡੀਆਂ ਹਸਤੀਆਂ ਨੇ ਵੀ ਸ਼ੇਅਰ ਕੀਤਾ ਤੇ ਲੜਕੀਆਂ ਦੀ ਹਿੰਮਤ ਦੀ ਸ਼ਲਾਘਾ ਕੀਤੀ। ਐੱਨ.ਬੀ.ਏ. ਪਲੇਅਰ ਰੈਕਸ ਚੈਪਮੈਨ ਨੇ ਲਿਖਿਆ ਕਿ ਇਹ ਲੜਕੀਆਂ ਤਾਂ ਜ਼ਬਰਦਸਤ ਹਨ ਇਨ੍ਹਾਂ ਨੂੰ ਤਾਂ ਮੇਰੀ ਟੀਮ ਵਿਚ ਹੋਣਾ ਚਾਹੀਦਾ ਹੈ। ਕੁਝ ਲੋਕਾਂ ਨੇ ਲਿਖਿਆ ਕਿ ਆਮਕਰਕੇ ਭਾਲੂ ਸ਼ਾਂਤ ਨਹੀਂ ਹੁੰਦੇ ਹਨ, ਇਸ ਭਾਲੂ ਨੂੰ ਭੁੱਖ ਨਹੀਂ ਲੱਗੀ ਸੀ ਨਹੀਂ ਤਾਂ ਕਹਾਣੀ ਕੁਝ ਹੋਰ ਹੋ ਸਕਦੀ ਸੀ।