UK ਦੇ ਮਿੰਨੀ ਪੰਜਾਬ ''ਚ ਵਿਸਾਖੀ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਦੀ ਧੂਮ

05/01/2019 8:09:16 AM

ਲੰਡਨ, (ਸਮਰਾ)- ਮਿੰਨੀ ਪੰਜਾਬ ਦੇ ਨਾਂ ਨਾਲ ਜਾਣੇ ਜਾਂਦੇ ਲੰਡਨ ਦੇ ਸ਼ਹਿਰ ਸਾਊਥਾਲ ਵਿਚ ਗੋਲਡਨ ਵਿਰਸਾ ਯੂ. ਕੇ. ਵਲੋਂ ਜਸ਼ਨ-ਏ-ਵਿਸਾਖੀ 2019 ਦਾ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ। ਪੰਜਾਬ ਦੇ ਅਮੀਰ ਵਿਰਸੇ ਦੀ ਖਾਸ ਨਿਸ਼ਾਨੀ ਵਿਸਾਖੀ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਂਦਿਆਂ ਲੰਡਨ (ਸਾਊਥਾਲ) 'ਚ ਵਸਦੇ ਪੰਜਾਬੀ ਭਾਈਚਾਰੇ ਦੇ ਹਰੇਕ ਵਰਗ ਵਲੋਂ ਉਕਤ ਸਮਾਗਮ 'ਚ ਸ਼ਿਰਕਤ ਕੀਤੀ ਗਈ ਤੇ ਦਲਜੀਤ ਅਟਵਾਲ ਦੇ ਢੋਲ ਦੀ ਤਾਲ 'ਤੇ ਨੱਚ-ਟੱਪ ਕੇ ਖੂਬ ਭੰਗੜੇ ਪਾਏ। ਮੇਲੇ ਦੇ ਪ੍ਰਮੁੱਖ ਪ੍ਰਬੰਧਕ ਜੋਗਾ ਸਿੰਘ ਢਡਵਾੜ, ਰਾਜਵੀਰ ਸਮਰਾ, ਰਣਜੀਤ ਵੜੈਚ, ਸੋਨਾ ਗਿੱਲ, ਟੀ ਜਿੰਦਰ, ਬਲਵਿੰਦਰ ਸਿੰਘ ਰੰਧਾਵਾ, ਭਿੰਦਾ ਸੋਹੀ, ਸੋਨੂੰ ਥਿੰਦ, ਹਰਜਿੰਦਰ ਕੌਰ ਗਰੇਵਾਲ ਆਦਿ ਦੀ ਦੇਖ-ਰੇਖ ਹੇਠ ਆਯੋਜਿਤ ਹੋਈ। 

ਇਸ ਪ੍ਰਭਾਵਸ਼ਾਲੀ ਸਮਾਗਮ 'ਚ ਕੌਂਸਲਰ ਜਗਜੀਤ ਸਿੰਘ, ਕੌਂਸਲਰ ਰਾਜੂ ਸੰਸਾਰਪੁਰੀ, ਰੂਪ ਦਵਿੰਦਰ ਕੌਰ, ਪ੍ਰੀਤਮ ਗਰੇਵਾਲ, ਕੇਵਲ ਪੁਲਸੀਆ, ਜਸਪਾਲ ਥਿੰਦ, ਬਲਜਿੰਦਰ ਜੈਨਪੁਰੀਆ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਵਿਸਾਖੀ ਦੇ ਤਿਓਹਾਰ ਬਾਰੇ ਗੱਲ ਕਰਦਿਆਂ ਵਿਸਾਖੀ ਦੇ ਸਮਾਜਿਕ, ਧਾਰਮਿਕ ਤੇ ਵਿਰਾਸਤੀ ਪੱਖ ਨੂੰ ਵਿਸਥਾਰ ਨਾਲ ਉਭਾਰਿਆ। ਮੰਚ ਸੰਚਾਲਕ ਮੋਹਨਜੀਤ ਬਸਰਾ ਨੇ ਸ਼ਾਇਰਾਨਾ ਅੰਦਾਜ਼ 'ਚ ਮੰਚ ਸੰਚਾਲਨ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਮੁੱਖ ਮਹਿਮਾਨ ਵਜੋਂ ਸਮਾਗਮ 'ਚ ਪਹੁੰਚੇ ਐੱਮ. ਪੀ. ਵਰਿੰਦਰ ਸ਼ਰਮਾ ਨੇ ਕਿਹਾ ਕਿ ਗੋਲਡਨ ਵਿਰਸਾ ਯੂ. ਕੇ. ਵਲੋਂ ਸਮੇਂ-ਸਮੇਂ 'ਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਸਬੰਧਤ ਰੰਗਾਰੰਗ ਪ੍ਰੋਗਰਾਮ ਕਰਵਾ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਵਿਦੇਸ਼ੀ ਧਰਤੀ 'ਤੇ ਜਿਊਂਦਾ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ। ਜਿਸ ਕਰ ਕੇ ਗੋਲਡਨ ਵਿਰਸਾ ਯੂ. ਕੇ. ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਸਮਾਗਮ 'ਚ ਪਹੁੰਚੇ ਕਲਾਕਾਰਾਂ, ਪ੍ਰਮੋਟਰਾਂ, ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦ ਚਿੰਨ੍ਹ ਨਾਲ ਸਨਮਾਨਿਤ ਕਰਨ ਉਪਰੰਤ ਗੋਲਡਨ ਵਿਰਸਾ ਯੂ. ਕੇ. ਦੇ ਡਾਇਰੈਕਟਰ ਰਾਜਵੀਰ ਸਮਰਾ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੋਲਡਨ ਵਿਰਸਾ ਯੂ. ਕੇ. ਵਲੋਂ ਜਿੱਥੇ ਧਾਰਮਿਕ, ਸੱਭਿਆਚਾਰਕ ਤੇ ਵਿਰਾਸਤੀ ਸਮਾਗਮ ਕਰਵਾਏ ਜਾਂਦੇ ਹਨ, ਉੱਥੇ ਸਮਾਜ ਸੇਵਾ ਦੇ ਕੰਮਾਂ 'ਚ ਯੋਗਦਾਨ ਪਾਉਂਦਿਆਂ ਰੋਕੋ ਕੈਂਸਰ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਵਿਚ ਸਮੇਂ-ਸਮੇਂ 'ਤੇ ਕੈਂਸਰ ਜਾਗਰੂਕਤਾ ਕੈਂਪ ਵੀ ਲਾਏ ਜਾਂਦੇ ਹਨ।


Related News