ਦੋਸ਼ਾਂ 'ਚ ਘਿਰੀ ਨੀਰਾ ਟੰਡਨ, ਸੈਨੇਟ 'ਚ ਨਾਮਜ਼ਦਗੀ 'ਤੇ ਮੰਡਰਾ ਰਿਹਾ ਸੰਕਟ

02/24/2021 2:01:01 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਵ੍ਹਾਈਟ ਹਾਊਸ ਦੇ 'ਪ੍ਰਬੰਧਨ ਅਤੇ ਬਜਟ ਦਫਤਰ' ਦੇ ਡਾਇਰੈਕਟਰ ਅਹੁਦੇ ਲਈ ਨਾਮਜ਼ਦ ਭਾਰਤੀ-ਅਮਰੀਕੀ ਨੀਰਾ ਟੰਡਨ ਦੀ ਨਿਯੁਕਤੀ ਦੀ ਸੈਨੇਟ ਵਿਚ ਪੁਸ਼ਟੀ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਰਿਪਬਲਿਕਨ ਪਾਰਟੀ ਦੇ 3 ਸੰਸਦ ਮੈਂਬਰਾਂ ਨੇ ਅਤੇ ਘਟੋ-ਘੱਟ ਇਕ ਡੈਮੋਕ੍ਰੇਟਿਕ ਸੰਸਦ ਮੈਂਬਰ ਨੇ ਉਨ੍ਹਾਂ ਖਿਲਾਫ ਵੋਟਿੰਗ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਇਸ ਦੇ ਲਈ ਟੰਡਨ ਦੇ ਸੋਸ਼ਲ ਮੀਡੀਆ 'ਤੇ ਕੀਤੇ ਗਏ ਵਿਹਾਰ ਦਾ ਹਵਾਲਾ ਦਿੱਤਾ ਹੈ।

ਟੰਡਨ ਦੇ ਕਥਿਤ ਤੌਰ 'ਤੇ 1,000 ਤੋਂ ਜ਼ਿਆਦਾ ਟਵੀਟ ਸੁਣਵਾਈ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹਟਾ ਦਿੱਤੇ ਸਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਆਪਣੇ ਨਾਂ ਦੀ ਪੁਸ਼ਟੀ ਦੀ ਸੁਣਵਾਈ ਦੌਰਾਨ ਆਪਣੀ ਸੋਸ਼ਲ ਮੀਡੀਆ ਟਿੱਪਣੀਆਂ ਲਈ ਸੈਨੇਟਰਾਂ ਤੋਂ ਮੁਆਫੀ ਵੀ ਮੰਗੀ ਸੀ। ਵ੍ਹਾਈਟ ਹਾਊਸ ਨੇ ਸੋਮਵਾਰ ਕਿਹਾ ਕਿ ਉਹ ਡੈਮੋਕ੍ਰੇਟ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਨਾਲ ਸੰਪਰਕ ਕਰ ਰਿਹਾ ਹੈ ਤਾਂ ਜੋ ਟੰਡਨ ਦੇ ਨਾਂ ਦੀ ਪੁਸ਼ਟੀ ਹੋ ਸਕੇ।

ਡੈਮੋਕ੍ਰੇਟਿਕ ਸੰਸਦ ਮੈਂਬਰ ਵੀ ਖਿਲਾਫ
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਡੇਲੀ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਕਿਹਾ ਕਿ ਅਸੀਂ ਕਿਸੇ ਚੀਜ਼ ਨੂੰ ਹਲਕੇ ਵਿਚ ਨਹੀਂ ਲੈ ਰਹੇ। ਸਾਡਾ ਯਤਨ ਨਾ ਸਿਰਫ ਰਿਪਬਲਿਕਨ ਸੰਸਦ ਮੈਂਬਰਾਂ ਨਾਲ ਸੰਪਰਕ ਕਰਨ ਦਾ ਹੈ ਬਲਕਿ ਇਹ ਵੀ ਯਕੀਨੀ ਕਰਨ ਦਾ ਹੈ ਕਿ ਜਿਨ੍ਹਾਂ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਕੋਲ ਸਵਾਲ ਅਤੇ ਚਿੰਤਾਵਾਂ ਹਨ, ਉਨ੍ਹਾਂ ਦਾ ਵੀ ਜਵਾਬ ਦਿੱਤਾ ਜਾਵੇ।

ਰਿਬਲਿਕਨ ਸੰਸਦ ਮੈਂਬਰ ਰਾਬ ਪੋਰਟਮੈਨ ਨੇ ਸੁਣਵਾਈ ਪ੍ਰਕਿਰਿਆ ਦੌਰਾਨ ਟੰਡਨ ਖਿਲਾਫ ਵੋਟਿੰਗ ਕਰਨ ਦਾ ਐਲਾਨ ਕੀਤਾ। ਉਥੇ 2 ਹੋਰ ਸੰਸਦ ਮੈਂਬਰਾਂ ਸੁਸਾਨ ਕਾਲਿੰਸ ਅਤੇ ਮਿਟ ਰੋਮਨੀ ਨੇ ਉਨ੍ਹਾਂ ਖਿਲਾਫ ਵੋਟਿੰਗ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੈਸਟ ਵਰਜੀਨੀਆ ਦੇ ਸੈਨੇਟਰ ਜੋ ਮਾਨਚਿਨ ਨੇ ਸ਼ੁੱਕਰਵਾਰ ਟੰਡਨ ਦੇ ਨਾਂ ਦੀ ਪੁਸ਼ਟੀ ਦਾ ਵਿਰੋਧ ਕੀਤਾ। ਉਹ ਅਜਿਹਾ ਕਰਨ ਵਾਲੇ ਪਹਿਲੇ ਡੈਮੋਕ੍ਰੇਟਿਕ ਸੰਸਦ ਮੈਂਬਰ ਹਨ।

ਬਾਈਡੇਨ ਨੇ ਕੀਤਾ ਸਮਰਥਨ
ਸੈਨੇਟ ਵਿਚ ਡੈਮੋਕ੍ਰੇਟ ਦੇ 50 ਅਤੇ ਰਿਪਬਲਿਕਨ ਪਾਰਟੀ ਦੇ 50 ਮੈਂਬਰ ਹਨ। ਅਜਿਹੇ ਵਿਚ ਪਿਛਲੇ ਹਫਤੇ ਮਾਨਚਿਨ ਵੱਲੋਂ ਕੀਤਾ ਗਿਆ ਐਲਾਨ ਟੰਡਨ ਦੀ ਨਾਮਜ਼ਦਗੀ ਦੀ ਪੁਸ਼ਟੀ ਨੂੰ ਧੱਕਾ ਲੱਗਾ ਹੈ। ਪੋਰਟਮੈਨ ਦਾ ਦੋਸ਼ ਹੈ ਕਿ ਟੰਡਨ ਦਾ ਜਿਹੜਾ ਰਵੱਈਆ ਰਿਹਾ ਹੈ ਅਤੇ ਜਨਤਕ ਪੱਧਰ 'ਤੇ ਉਨ੍ਹਾਂ ਨੇ ਜਿਹੜੇ ਬਿਆਨ ਦਿੱਤੇ ਹਨ, ਉਨ੍ਹਾਂ ਦੇ ਮੱਦੇਨਜ਼ਰ ਉਹ ਆਪਣੀ ਭੂਮਿਕਾ ਵਿਚ ਦੋਹਾਂ ਪਾਰਟੀਆਂ ਨਾਲ ਮਿਲ ਕੇ ਪ੍ਰਭਾਵੀ ਤਰੀਕੇ ਨਾਲ ਕੰਮ ਨਹੀਂ ਕਰ ਪਾਵੇਗੀ।

ਟੰਡਨ ਦੇ ਨਾਂ 'ਤੇ ਪੁਸ਼ਟੀ ਨੂੰ ਲੈ ਕੇ ਅਸ਼ੰਕਾਵਾਂ ਵਿਚਾਲੇ ਵ੍ਹਾਈਟ ਹਾਊਸ ਨੇ ਉਨ੍ਹਾਂ ਨੂੰ ਬਿਹਤਰੀਨ ਨੀਤੀ ਮਾਹਿਰ ਕਰਾਰ ਦਿੱਤਾ ਹੈ। ਬਾਈਡੇਨ ਨੇ ਕਿਹਾ ਹੈ ਕਿ ਉਹ ਉਨ੍ਹਾਂ ਦੇ ਨਾਂ ਦਾ ਸਮਰਥਨ ਕਰਦੇ ਹਨ। ਕਾਲਿੰਸ ਨੇ ਸੋਮਵਾਰ ਕਿਹਾ ਕਿ ਟੰਡਨ ਕੋਲ ਨਾ ਤਾਂ ਅਨੁਭਵ ਹੈ ਅਤੇ ਨਾ ਹੀ ਉਨ੍ਹਾਂ ਦਾ ਸੁਭਾਅ ਇਸ ਅਹਿਮ ਏਜੰਸੀ ਦੀ ਅਗਵਾਈ ਕਰਨ ਲਈ ਉਚਿਤ ਹੈ।

ਇਸ ਹਫਤੇ ਵੋਟ ਕਰੇਗੀ ਕਮੇਟੀ
ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਰੋਮਨੀ ਵੀ ਸੋਸ਼ਲ ਮੀਡੀਆ 'ਤੇ ਟੰਡਨ ਦੀਆਂ ਟਿੱਪਣੀਆਂ ਕਾਰਣ ਉਨ੍ਹਾਂ ਦਾ ਵਿਰੋਧ ਕਰਨਗੇ। ਨਾਮਜ਼ਦਗੀ ਦੀ ਪੁਸ਼ਟੀ ਦੀ ਸੁਣਵਾਈ ਦੌਰਾਨ ਟੰਡਨ ਨੇ ਸੋਸ਼ਲ ਮੀਡੀਆ 'ਤੇ ਸੀਨੀਅਰ ਰਿਪਬਲਿਕਨ ਸੰਸਦ ਮੈਂਬਰਾਂ 'ਤੇ ਹਮਲਾ ਕਰਨ ਲਈ ਮੁਆਫੀ ਮੰਗੀ ਸੀ। ਸੈਨੇਟ ਦੀ ਬਜਟ ਕਮੇਟੀ ਇਸ ਹਫਤੇ ਟੰਡਨ ਦੀ ਨਾਮਜ਼ਦਗੀ 'ਤੇ ਵੋਟਿੰਗ ਕਰੇਗੀ। ਇਸ ਵਿਚਾਲੇ 'ਕਾਂਗ੍ਰੇਸ਼ਨਲ ਏਸ਼ੀਅਨ ਪੈਸੇਫਿਕ ਅਮਰੀਕਨ ਕਾਕਸ' ਦੇ ਮੈਂਬਰਾਂ ਨੇ ਸੈਨੇਟ ਦੇ ਸਾਰੇ 100 ਮੈਂਬਰਾਂ ਨੂੰ ਇਕ ਚਿੱਠੀ ਭੇਜੀ ਹੈ। ਇਸ ਵਿਚ ਟੰਡਨ ਦੇ ਨਾਂ ਦੀ ਪੁਸ਼ਟੀ ਦੀ ਅਪੀਲ ਕੀਤੀ ਗਈ ਹੈ।


Khushdeep Jassi

Content Editor

Related News