ਟਰੰਪ ਕਾਰਨ ਅਮਰੀਕਾ ''ਚ ਮੌਜੂਦ ਭਾਰਤੀ ਪ੍ਰੋਫੈਸ਼ਨਲਜ਼ ''ਤੇ ਸੰਕਟ
Tuesday, May 01, 2018 - 03:05 AM (IST)

ਨਵੀਂ ਦਿੱਲੀ/ਜਲੰਧਰ (ਸਲਵਾਨ)-ਇਸ ਸਮੇਂ ਅਮਰੀਕਾ ਸਮੇਤ ਦੁਨੀਆ ਦੇ ਕਈ ਵਿਕਸਿਤ ਦੇਸ਼ਾਂ 'ਚ ਵੀਜ਼ਾ ਸਬੰਧੀ ਨਿਯਮਾਂ 'ਚ ਫੇਰਬਦਲ ਜਾਂ ਉਨ੍ਹਾਂ ਨੂੰ ਸਖ਼ਤ ਕੀਤੇ ਜਾਣ ਦੀ ਵਜ੍ਹਾ ਨਾਲ ਉੱਥੇ ਰਹਿ ਕੇ ਕੰਮ ਕਰ ਰਹੇ ਭਾਰਤੀ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਖਾਸ ਤੌਰ 'ਤੇ ਅਮਰੀਕਾ 'ਚ ਡੋਨਾਲਡ ਟਰੰਪ ਪ੍ਰਸ਼ਾਸਨ ਦੀ 'ਬਾਏ ਅਮੈਰੀਕਨ, ਹਾਇਰ ਅਮੈਰੀਕਨ' ਨੀਤੀ ਤਹਿਤ ਵੀਜ਼ਾ ਸਬੰਧੀ ਸਖਤੀਆਂ ਕਾਰਨ ਭਾਰਤੀ ਪ੍ਰੋਫੈਸ਼ਨਲਜ਼ 'ਤੇ ਸੰਕਟ ਛਾ ਗਿਆ ਹੈ। ਹਾਲ ਹੀ 'ਚ ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਨੂੰ ਖਤਮ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਸਬੰਧੀ ਇਕ ਪੱਤਰ ਅਮਰੀਕੀ ਨਾਗਰਿਕ ਅਤੇ ਇਮੀਗ੍ਰੇਸ਼ਨ ਸੇਵਾ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਐੱਚ-1 ਬੀ. ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਐੱਚ-4 ਵੀਜ਼ਾ ਦਿੱਤਾ ਜਾਂਦਾ ਹੈ। ਇਸ ਨਵੇਂ ਬਦਲਾਅ ਤੋਂ ਬਾਅਦ ਹੁਣ ਅਮਰੀਕਾ 'ਚ ਜੇਕਰ ਪਤੀ ਦੇ ਕੋਲ ਐੱਚ-1 ਬੀ. ਵੀਜ਼ਾ ਹੈ ਤਾਂ ਵੀ ਪਤਨੀ ਨੂੰ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ। ਇਸੇ ਤਰ੍ਹਾਂ ਪਤਨੀ ਦੇ ਕੋਲ ਐੱਚ-1 ਬੀ. ਵੀਜ਼ਾ ਹੋਣ 'ਤੇ ਪਤੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਅਮਰੀਕਾ 'ਚ ਕੰਮ ਕਰਦੇ 60,000 ਤੋਂ ਜ਼ਿਆਦਾ ਪੇਸ਼ੇਵਰਾਂ ਨੂੰ ਹੁਣ ਅੱਗੇ ਕੰਮ ਦੀ ਆਗਿਆ ਨਹੀਂ ਮਿਲੇਗੀ ਅਤੇ ਉਹ ਬੇਰੋਜ਼ਗਾਰ ਹੋ ਜਾਣਗੇ।
ਘੱਟ ਹੋ ਸਕਦੀ ਹੈ ਐੱਚ-1 ਬੀ. ਵੀਜ਼ੇ ਦੀ ਮਿਆਦ
ਅਜਿਹੇ 'ਚ ਨਵੇਂ ਨਿਯਮ ਤਹਿਤ ਜਾਰੀ ਐੱਚ-1 ਬੀ. ਵੀਜ਼ੇ ਦੀ ਮਿਆਦ 3 ਸਾਲ ਤੋਂ ਵੀ ਘੱਟ ਹੋ ਸਕਦੀ ਹੈ। ਨਾਲ ਹੀ ਇਹ ਨਿਯਮ ਭਾਰਤੀ ਹੁਨਰਮੰਦ ਪੇਸ਼ੇਵਰਾਂ ਲਈ ਬੇਹੱਦ ਪ੍ਰੇਸ਼ਾਨੀ ਵਾਲੇ ਹਨ। ਅਮਰੀਕੀ ਥਿੰਕ ਟੈਂਕ ਦਿ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਸੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਮਰੀਕਾ 'ਚ ਵੀਜ਼ਾ ਨਿਯਮਾਂ 'ਚ ਸਖਤੀ ਕਾਰਨ ਸਾਲ 2017 'ਚ ਭਾਰਤੀ ਕੰਪਨੀਆਂ ਲਈ 8468 ਨਵੇਂ ਐੱਚ-1 ਬੀ. ਵੀਜ਼ੇ ਪ੍ਰਾਪਤ ਹੋਏ। ਇਹ ਗਿਣਤੀ ਸਾਲ 2015 ਦੇ ਮੁਕਾਬਲੇ 43 ਫ਼ੀਸਦੀ ਘੱਟ ਹੈ।
ਨਿਯਮਾਂ 'ਚ ਬਦਲਾਅ ਨਾਲ ਵਧਣਗੀਆਂ ਮੁਸ਼ਕਲਾਂ
ਅਮਰੀਕੀ ਆਈ. ਟੀ. ਕੰਪਨੀਆਂ 'ਚ ਕੰਮ ਕਰਨ ਵਾਲੇ ਵਿਦੇਸ਼ੀਆਂ 'ਚੋਂ ਕਰੀਬ 70 ਫ਼ੀਸਦੀ ਕਰਮਚਾਰੀ ਭਾਰਤੀ ਹਨ, ਜਿਨ੍ਹਾਂ ਦੀਆਂ ਅਮਰੀਕਾ ਦੇ ਵੀਜ਼ੇ ਸਬੰਧੀ ਨਿਯਮਾਂ 'ਚ ਬਦਲਾਅ ਨਾਲ ਮੁਸ਼ਕਲਾਂ ਵਧ ਜਾਣਗੀਆਂ ਅਤੇ ਉਨ੍ਹਾਂ ਨੂੰ ਅਮਰੀਕਾ ਛੱਡਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਲਈ ਸਾਲਾਨਾ 115 ਅਰਬ ਡਾਲਰ ਦੀ ਵਿਦੇਸ਼ੀ ਕਰੰਸੀ ਕਮਾਉਣ ਵਾਲੇ ਆਈ. ਟੀ. ਸੈਕਟਰ 'ਤੇ ਜ਼ਬਰਦਸਤ ਉਲਟ ਅਸਰ ਪੈ ਸਕਦਾ ਹੈ। ਵੀਜ਼ਾ ਸਬੰਧੀ ਇਨ੍ਹਾਂ ਨਵੇਂ ਨਿਯਮਾਂ ਨਾਲ ਅਮਰੀਕਾ 'ਚ ਭਾਰਤੀ ਆਈ. ਟੀ. ਕੰਪਨੀਆਂ ਦੇ ਥਰਡ-ਪਾਰਟੀ ਸਪਲਾਇਰ ਆਧਾਰ ਨੂੰ ਜ਼ਬਰਦਸਤ ਝਟਕਾ ਲੱਗਾ ਹੈ।