ਕੋਰੋਨਾ ਸੰਕਟ ਨਾਲ ਵਧਿਆ ਸੰਕਟ, ਹਰ ਰੋਜ਼ ਮਰ ਸਕਦੇ ਨੇ 6,000 ਬੱਚੇ : ਯੂਨੀਸੈਫ

Thursday, May 14, 2020 - 07:25 PM (IST)

ਕੋਰੋਨਾ ਸੰਕਟ ਨਾਲ ਵਧਿਆ ਸੰਕਟ, ਹਰ ਰੋਜ਼ ਮਰ ਸਕਦੇ ਨੇ 6,000 ਬੱਚੇ : ਯੂਨੀਸੈਫ

ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈਫ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਹਰ ਦਿਨ 6,000 ਬੱਚੇ ਮਾਰੇ ਜਾ ਸਕਦੇ ਹਨ। ਯੂਨੀਸੈਫ ਨੇ ਕਿਹਾ ਕਿ ਸਿਹਤ ਪ੍ਰਣਾਲੀ ਕਮਜ਼ੋਰ ਹੋ ਜਾਣ ਅਤੇ ਨਿਯਮਤ ਸੇਵਾਵਾਂ ਬੰਦ ਹੋ ਜਾਣ ਕਾਰਨ ਆਉਣ ਵਾਲੇ 6 ਮਹੀਨਿਆਂ ਵਿਚ ਰੁਜ਼ਾਨਾ ਕਰੀਬ 6,000 ਤੋਂ ਜ਼ਿਆਦਾ ਬੱਚਿਆਂ ਦੀ ਅਜਿਹੇ ਕਾਰਨਾਂ ਨਾਲ ਮੌਤ ਹੋ ਸਕਦੀ ਹੈ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।

ਯੂਨੀਸੈਫ ਨੇ ਕਿਹਾ ਕਿ 5ਵਾਂ ਜਨਮਦਿਨ ਮਨਾਉਣ ਤੋਂ ਪਹਿਲਾਂ ਦੁਨੀਆ ਭਰ ਵਿਚ ਮਾਰੇ ਜਾਣ ਵਾਲੇ ਬੱਚਿਆਂ ਦੀ ਗਿਣਤੀ ਵਿਚ ਦਹਾਕਿਆਂ ਵਿਚ ਪਹਿਲੀ ਵਾਰ ਵਾਧਾ ਹੋਣ ਦਾ ਸ਼ੱਕ ਹੈ। ਯੂਨੀਸੈਫ ਨੇ ਇਸ ਗੋਲਬਲ ਮਹਾਮਾਰੀ ਤੋਂ ਪ੍ਰਭਾਵਿਤ ਬੱਚਿਆਂ ਨੂੰ ਮਨੁੱਖੀ ਸਹਾਇਤਾ ਮੁਹੱਈਆ ਕਰਾਉਣ ਲਈ 1.6 ਅਰਬ ਡਾਲਰ ਦੀ ਮਦਦ ਮੰਗੀ ਹੈ। ਗਲੋਬਲ ਏਜੰਸੀ ਨੇ ਕਿਹਾ ਕਿ ਤੇਜ਼ੀ ਨਾਲ ਬਾਲ ਅਧਿਕਾਰ ਸੰਕਟ ਬਣਦਾ ਜਾ ਰਿਹਾ ਹੈ ਅਤੇ ਤੁਰੰਤ ਕਾਰਵਾਈ ਨਹੀਂ ਕੀਤੀ ਗਈ ਤਾਂ 5 ਸਾਲ ਤੋਂ ਘੱਟ ਉਮਰ ਦੇ ਹੋਰ 6,000 ਬੱਚਿਆਂ ਦੀ ਰੁਜ਼ਾਨਾ ਮੌਤ ਹੋ ਸਕਦੀ ਹੈ।

ਯੂਨੀਸੈਫ ਦੀ ਕਾਰਜਕਾਰੀ ਨਿਦੇਸ਼ਕ ਹੇਨਰੀਟਾ ਫੋਰੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਕੂਲ ਬੰਦ ਹਨ, ਪਰਿਵਾਰ ਵਾਲਿਆਂ ਕੋਲ ਕੰਮ ਨਹੀਂ ਹੈ ਅਤੇ ਪਰਿਵਾਰ ਚਿੰਤਤ ਹੈ। ਉਨ੍ਹਾਂ ਕਿਹਾ ਕਿ ਜਦ ਅਸੀਂ ਕੋਵਿਡ-19 ਤੋਂ ਬਾਅਦ ਦੀ ਦੁਨੀਆ ਦੀ ਕਲਪਨਾ ਕਰ ਰਹੇ ਹਾਂ ਅਜਿਹੇ ਵਿਚ ਇਹ ਫੰਡ ਸੰਕਟ ਨਾਲ ਨਜਿੱਠਣ ਅਤੇ ਇਸ ਦੇ ਪ੍ਰਭਾਵ ਨਾਲ ਬੱਚਿਆਂ ਦੀ ਰੱਖਿਆ ਕਰਨ ਵਿਚ ਸਾਡੀ ਮਦਦ ਕਰੇਗੀ।

ਆਉਣ ਵਾਲੇ 6 ਮਹੀਨਿਆਂ ਵਿਚ ਰੋਕੇ ਜਾ ਸਕਣ ਵਾਲੇ ਕਾਰਨਾਂ ਨਾਲ 6,000 ਹੋਰ ਬੱਚਿਆਂ ਦੀ ਮੌਤ ਦਾ ਅੰਦਾਜ਼ਾ ਅਮਰੀਕਾ ਸਥਿਤ ਜਾਂਸ ਹਾਪਕਿੰਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਾਰਾਂ ਦੇ ਵਿਸ਼ਲੇਸ਼ਣ 'ਤੇ ਆਧਾਰਿਤ ਹੈ। ਇਹ ਵਿਸ਼ਲੇਸ਼ਣ ਬੁੱਧਵਾਰ ਨੂੰ ਲਾਂਸੇਟ ਗਲੋਬਲ ਹੈਲਥ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਇਆ। ਫੋਰੇ ਨੇ ਆਖਿਆ ਕਿ ਸਭ ਤੋਂ ਖਰਾਬ ਗੱਲ ਇਹ ਹੈ ਕਿ 5ਵੇਂ ਜਨਮਦਿਨ ਤੋਂ ਪਹਿਲਾਂ ਮਾਰੇ ਜਾਣ ਵਾਲੇ ਬੱਚਿਆਂ ਦੀ ਗਿਣਤੀ ਦਹਾਕਿਆਂ ਵਿਚ ਪਹਿਲੀ ਵਾਰ ਵਧ ਸਕਦੀ ਹੈ। ਇਸ ਤੋਂ ਇਲਾਵਾ 6 ਮਹੀਨਿਆਂ ਵਿਚ ਕਰੀਬ 56,700 ਹੋਰ ਮਾਤਾਵਾਂ ਦੀ ਮੌਤ ਹੋ ਸਕਦੀ ਹੈ।


author

Khushdeep Jassi

Content Editor

Related News