LIVE ਮੈਚ ਦੌਰਾਨ ਕ੍ਰਿਕਟ ਖਿਡਾਰੀ ਦੀ ਮੌਤ, ਭਿਆਨਕ ਗਰਮੀ ਨੇ ਲਈ ਜਾਨ
Tuesday, Mar 18, 2025 - 06:43 PM (IST)

ਇੰਟਰਨੈਸ਼ਨਲ ਡੈਸਕ : ਕ੍ਰਿਕਟ ਪ੍ਰੇਮੀਆਂ ਲਈ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਖੇਡ ਮੈਦਾਨ 'ਤੇ ਕ੍ਰਿਕਟ ਖੇਡਣ ਸਮੇਂ ਇਕ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਦੀ ਲਾਈਵ ਮੈਚ ਦੌਰਾਨ ਮੌਤ ਹੋ ਜਾਣ ਦੀ ਖਬਰ ਹੈ। ਇਹ ਘਟਨਾ ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਕ੍ਰਿਕਟ ਮੈਚ ਦੌਰਾਨ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਲੱਬ ਕ੍ਰਿਕਟ ਮੁਕਾਬਲੇ ਚੱਲ ਰਹੇ ਸਨ, ਜਿਸ ਦੇ ਲਾਈਵ ਮੈਚ ਦੌਰਾਨ ਇਕ ਖਿਡਾਰੀ ਤੇਜ ਗਰਮੀ ਵਿੱਚ ਖੇਡ ਮੈਦਾਨ ਅੰਦਰ ਹੀ ਡਿੱਗ ਪਿਆ। ਉਸਨੂੰ ਤੁਰੰਤ ਮੁਢਲੀ ਸਹਾਇਤਾ ਦਿੱਤੀ ਗਈ ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ।
ਆਸਟ੍ਰੇਲੀਆ ਵਿੱਚ ਭਿਆਨਕ ਗਰਮੀ ਦੌਰਾਨ ਖੇਡੇ ਗਏ ਇੱਕ ਸਥਾਨਕ ਮੈਚ ਦੌਰਾਨ ਮੈਦਾਨ 'ਤੇ ਡਿੱਗਣ ਕਾਰਨ ਪਾਕਿਸਤਾਨੀ ਮੂਲ ਦੇ ਕਲੱਬ ਕ੍ਰਿਕਟਰ ਜੁਨੈਦ ਜ਼ਫਰ ਖਾਨ ਦੀ ਮੌਤ ਹੋ ਗਈ। ਇਹ ਮੈਚ ਪਿਛਲੇ ਸ਼ਨੀਵਾਰ ਨੂੰ ਐਡੀਲੇਡ ਦੇ ਕੌਨਕੋਰਡੀਆ ਕਾਲਜ ਓਵਲ ਵਿਖੇ ਪ੍ਰਿੰਸ ਅਲਫ੍ਰੇਡ ਓਲਡ ਕਾਲਜੀਅਨਜ਼ ਅਤੇ ਓਲਡ ਕੌਨਕੋਰਡੀਅਨਜ਼ ਕ੍ਰਿਕਟ ਕਲੱਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਸੀ। ਜੁਨੈਦ ਜ਼ਫਰ ਆਲ ਕੌਨਕੋਰਡੀਅਨਜ਼ ਕ੍ਰਿਕਟ ਕਲੱਬ ਲਈ ਖੇਡ ਰਿਹਾ ਸੀ।ਜੁਨੈਦ ਜ਼ਫਰ ਦੀ ਉਮਰ 40 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਮੈਚ ਵਿੱਚ ਉਸਨੇ 40 ਓਵਰ ਫੀਲਡਿੰਗ ਕੀਤੀ ਅਤੇ ਸੱਤ ਓਵਰ ਬੱਲੇਬਾਜ਼ੀ ਕੀਤੀ ਅਤੇ ਫਿਰ ਉਹ ਜ਼ਮੀਨ 'ਤੇ ਡਿੱਗ ਪਿਆ।
ਤੁਹਾਨੂੰ ਦੱਸ ਦੇਈਏ ਕਿ ਦੱਖਣੀ ਆਸਟ੍ਰੇਲੀਆ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਵਿੱਚ ਹੈ ਅਤੇ ਮੌਸਮ ਵਿਭਾਗ ਦੇ ਅਨੁਸਾਰ, ਉਸ ਸਮੇਂ ਤਾਪਮਾਨ 40 ਡਿਗਰੀ ਤੋਂ ਉੱਪਰ ਸੀ। ਇਸ ਦੇ ਨਾਲ ਹੀ, ਐਡੀਲੇਡ ਟਰਫ ਕ੍ਰਿਕਟ ਐਸੋਸੀਏਸ਼ਨ ਦੇ ਨਿਯਮਾਂ ਅਨੁਸਾਰ, ਜੇਕਰ ਤਾਪਮਾਨ 42 ਡਿਗਰੀ ਤੋਂ ਵੱਧ ਹੁੰਦਾ ਹੈ ਤਾਂ ਮੈਚ ਰੱਦ ਕਰ ਦੇਣਾ ਚਾਹੀਦਾ ਹੈ। ਪਰ ਇਸ ਮੈਚ ਦੌਰਾਨ ਅਜਿਹਾ ਨਹੀਂ ਕੀਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨੀ ਮੂਲ ਦਾ ਜੁਨੈਦ ਜ਼ਫਰ 2013 ਤੋਂ ਐਡੀਲੇਡ ਵਿੱਚ ਰਹਿ ਰਿਹਾ ਸੀ। ਉਹ ਉੱਥੇ ਆਈਟੀ ਇੰਡਸਟਰੀ ਵਿੱਚ ਕੰਮ ਕਰਦਾ ਸੀ।