PIA ਦੇ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੇ ਤਿੰਨ ਵਾਰ ਨਜ਼ਰਅੰਦਾਜ਼ ਕੀਤੀ ਸੀ ਚਿਤਾਵਨੀ

Tuesday, May 26, 2020 - 12:04 AM (IST)

PIA ਦੇ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੇ ਤਿੰਨ ਵਾਰ ਨਜ਼ਰਅੰਦਾਜ਼ ਕੀਤੀ ਸੀ ਚਿਤਾਵਨੀ

ਕਰਾਚੀ(ਭਾਸ਼ਾ): ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ.ਆਈ.ਏ.) ਦੇ ਹਾਦਸਾਗ੍ਰਸਤ ਹੋਏ ਜਹਾਜ਼ ਦੇ ਪਾਇਲਟ ਨੇ ਜਹਾਜ਼ ਦੇ ਉਤਰਣ ਤੋਂ ਪਹਿਲਾਂ ਉਸ ਦੀ ਰਫਤਾਰ ਤੇ ਉਚਾਈ ਨੂੰ ਲੈ ਕੇ ਹਵਾਈ ਆਵਾਜਾਈ ਕੰਟਰੋਲਰਾਂ ਦੀਆਂ ਤਿੰਨ ਚਿਤਾਵਨੀ ਨਜ਼ਰਅੰਦਾਜ਼ ਕਰ ਦਿੱਤੀਆਂ ਸਨ। ਸੋਮਵਾਰ ਨੂੰ ਆਈ ਇਕ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਰਾਸ਼ਟਰੀ ਹਵਾਬਾਜੀ ਕੰਪਨੀ ਦਾ ਜਹਾਜ਼ ਪੀਕੇ-8303 ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਸ ਵਿਚ 97 ਲੋਕਾਂ ਦੀ ਮੌਤ ਹੋ ਗਈ ਤੇ ਦੋ ਲੋਕ ਚਮਤਕਾਰੀ ਢੰਗ ਨਾਲ ਬਚ ਗਏ ਸਨ। ਇਹ ਹਾਦਸਾ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਹਾਦਸਾ ਹੈ। ਜਿਓ ਨਿਊਜ਼ ਨੇ ਏ.ਟੀ.ਸੀ. ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਲਾਹੌਰ ਤੋਂ ਕਰਾਚੀ ਆ ਰਿਹਾ ਏਅਰਬਸ ਏ-320 ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 15 ਨਾਟਿਕਲ ਮੀਲ ਦੂਰੀ 'ਤੇ ਜ਼ਮੀਨ ਤੋਂ 7,000 ਫੁੱਟ ਉਚਾਈ ਦੀ ਬਜਾਏ 10 ਹਜ਼ਾਰ ਫੁੱਟ ਦੀ ਉਚਾਈ 'ਤੇ ਉਡਾਣ ਭਰ ਰਿਹਾ ਸੀ ਤਦੇ ਹਵਾਈ ਆਵਾਜਾਈ ਕੰਟਰੋਲ (ਏ.ਟੀ.ਸੀ.) ਨੇ ਜਹਾਜ਼ ਦੀ ਉਚਾਈ ਘੱਟ ਕਰਨ ਨੂੰ ਲੈ ਕੇ ਪਹਿਲੀ ਚਿਤਾਵਨੀ ਜਾਰੀ ਕੀਤੀ ਸੀ। ਇਸ ਵਿਚ ਦੱਸਿਆ ਕਿ ਹੇਠਾਂ ਆਉਣ ਦੀ ਬਜਾਏ ਪਾਇਲਟ ਨੇ ਕਿਹਾ ਕਿ ਉਹ ਸੰਤੁਸ਼ਟ ਹੈ। ਜਦੋਂ ਹਵਾਈ ਅੱਡੇ ਤੋਂ ਜਹਾਜ਼ ਸਿਰਫ 10 ਨਾਟਿਕਲ ਮੀਲ ਦੂਰ ਸੀ ਤਾਂ ਜਹਾਜ਼ 3000 ਫੁੱਟ ਦੀ ਬਜਾਏ 7000 ਫੁੱਟ ਦੀ ਉਚਾਈ 'ਤੇ ਸੀ। ਏ.ਟੀ.ਸੀ. ਨੇ ਜਹਾਜ਼ ਦੀ ਉਚਾਈ ਘੱਟ ਕਰਨ ਲਈ ਪਾਇਲਟ ਨੂੰ ਦੂਜੀ ਚਿਤਾਵਨੀ ਜਾਰੀ ਕੀਤੀ। ਹਾਲਾਂਕਿ ਪਾਇਲਟ ਨੇ ਫਿਰ ਕਿਹਾ ਕਿ ਉਹ ਸੰਤੁਸ਼ਟ ਹੈ ਤੇ ਹਾਲਾਤ ਨੂੰ ਸੰਭਾਲ ਲਵੇਗਾ ਤੇ ਉਹ ਹੇਠਾਂ ਉਤਰਣ ਲਈ ਤਿਆਰ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਜਹਾਜ਼ ਦੇ ਕੋਲ 2 ਘੰਟੇ 34 ਮਿੰਟ ਤੱਕ ਦੀ ਉਡਾਣ ਭਰਣ ਲਈ ਲੋੜੀਂਦਾ ਈਂਧਨ ਸੀ ਜਦਕਿ ਉਸ ਦੀ ਉਡਾਣ ਦਾ ਕੁੱਲ ਸਮਾਂ 1 ਘੰਟਾ 33 ਮਿੰਟ ਦਰਜ ਕੀਤਾ ਗਿਆ। 

ਪਾਕਿਸਤਾਨ ਜਾਂਚ ਅਧਿਕਾਰੀ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਹਾਦਸਾ ਪਾਇਲਟ ਦੀ ਗਲਤੀ ਨਾਲ ਹੋਇਆ ਜਾਂ ਕਿਸੇ ਤਕਨੀਕੀ ਖਾਮੀ ਦੇ ਕਾਰਣ। ਦੇਸ਼ ਦੀ ਸਿਵਲ ਏਵੀਏਸ਼ਨ ਅਥਾਰਟੀ (ਸੀ.ਏ.ਏ.) ਵਲੋਂ ਤਿਆਰ ਰਿਪੋਰਟ ਦੇ ਮੁਤਾਬਕ ਜਹਾਜ਼ ਨੂੰ ਉਤਾਰਣ ਦੀ ਪਾਇਲਟ ਦੀ ਪਹਿਲੀ ਕੋਸ਼ਿਸ਼ 'ਤੇ ਜਹਾਜ਼ ਦਾ ਇੰਜਣ ਤਿੰਨ ਵਾਰ ਰਨਵੇ ਨਾਲ ਟਕਰਾਇਆ ਤੇ ਮਾਹਰਾਂ ਨੇ ਇਸ ਵਿਚੋਂ ਲਪਟਾਂ ਨਿਕਲਦੀਆਂ ਦੇਖੀਆਂ। ਰਿਪੋਰਟ ਵਿਚ ਕਿਹਾ ਗਿਆ ਕਿ ਜਦੋਂ ਜਹਾਜ਼ ਲੈਂਡਿੰਗ ਦੀ ਪਹਿਲੀ ਅਸਫਲ ਕੋਸ਼ਿਸ਼ ਵਿਚ ਜ਼ਮੀਨ ਨਾਲ ਟਕਰਾਇਆ ਤਾਂ ਹੋ ਸਕਦਾ ਹੈ ਕਿ ਇੰਜਣ ਦਾ ਤੇਲ ਟੈਂਕ ਤੇ ਈਂਧਨ ਪੰਪ ਨੁਕਸਾਨਿਆ ਗਿਆ ਹੋਵੇ ਤੇ ਤੇਲ ਲੀਕ ਹੋਣ ਲੱਗਿਆ ਹੋਵੇ, ਜਿਸ ਨਾਲ ਪਾਇਲਟ ਨੂੰ ਜਹਾਜ਼ ਨੂੰ ਸੁਰੱਖਿਆਤਮਕ ਪੱਧਰ ਤੱਕ ਚੁੱਕਣ ਦੇ ਲਈ ਲੋੜੀਂਦੀ ਗਤੀ ਤੇ ਬਲ ਨਹੀਂ ਮਿਲ ਸਕਿਆ। ਇਸ ਵਿਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਜਹਾਜ਼ ਨੂੰ ਉਤਾਰਣ ਵਿਚ ਅਸਫਲ ਰਹਿਣ ਤੋਂ ਬਾਅਦ ਪਾਇਲਟ ਨੇ ਖੁਦ ਹੀ ਜਹਾਜ਼ ਨੂੰ ਇਕ ਚੱਕਰ ਲਾਉਣ ਦਾ ਫੈਸਲਾ ਲਿਆ ਤੇ ਇਸ ਦੌਰਾਨ ਏ.ਟੀ.ਸੀ. ਨੂੰ ਸੂਚਿਤ ਕੀਤਾ ਗਿਆ ਕਿ ਲੈਂਡਿੰਗ ਗੀਅਰ ਕੰਮ ਨਹੀਂ ਕਰ ਰਿਹਾ।

ਡਾਨ ਅਖਬਾਰ ਦੀ ਖਬਰ ਮੁਤਾਬਕ ਇਸ ਤੋਂ ਤੁਰੰਤ ਬਾਅਦ ਪਾਇਲਟ ਨੇ ਦੋਵਾਂ ਇੰਜਣਾਂ ਦੇ ਕੰਮ ਨਹੀਂ ਕਰਨ ਦੀ ਸੂਚਨਾ ਦਿੱਤੀ ਤੇ ਕਿਹਾ ਕਿ ਉਹ ਕ੍ਰੈਸ਼ ਲੈਂਡਿੰਗ ਕਰਾਉਣ ਜਾ ਰਿਹਾ ਹੈ। ਕੰਟਰੋਲਰ ਨੇ ਪੀ.ਆਈ.ਏ. ਦੇ ਜਹਾਜ਼ ਨੂੰ ਦੋਵੇਂ ਮੁਹੱਈਆ ਰਨਵੇ ਵਿਚੋਂ ਕਿਸੇ ਇਕ 'ਤੇ ਉਤਰਣ ਦੀ ਆਗਿਆ ਦੇ ਦਿੱਤੀ ਸੀ ਪਰ ਪਾਇਲਟ ਨੂੰ ਖਤਰੇ ਦਾ ਸੰਕੇਤ ਦਿੰਦੇ ਹੋਏ ਸੁਣਿਆ ਗਿਆ। ਇਸ ਤੋਂ ਬਾਅਦ ਜਹਾਜ਼ ਝੁਕਿਆ ਤੇ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ।


author

Baljit Singh

Content Editor

Related News