USA ਡਿਜ਼ਨੀ ਪਾਰਕ : 28 ਹਜ਼ਾਰ ਕਾਮਿਆਂ ਸਿਰ ਮੰਡਰਾਅ ਰਿਹੈ ਨੌਕਰੀ ਜਾਣ ਦਾ ਖਤਰਾ

09/30/2020 3:26:44 PM

ਵਾਸ਼ਿੰਗਟਨ- ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਸ ਕਾਰਨ 10 ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਤੇ ਕਈ ਲੱਖ ਲੋਕ ਬੇਰੁਜ਼ਗਾਰ ਹੋ ਗਏ ਹਨ। ਤਾਲਾਬੰਦੀ ਕਾਰਨ ਦੁਕਾਨਾਂ, ਸ਼ਾਪਿੰਗ ਮਾਲਜ਼, ਰੈਸਟੋਰੈਂਟ, ਬਾਰ ਤੇ ਸਿਨੇਮਾਘਰ ਸਣੇ ਕਈ ਮਨੋਰੰਜਨ ਦੇ ਅਦਾਰਿਆਂ ਨੂੰ ਬੰਦ ਰੱਖਣਾ ਪਿਆ ਤੇ ਇਨ੍ਹਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਨੌਕਰੀ ਛੁਟਣ ਤੇ ਤਨਖਾਹ ਨਾ ਮਿਲਣ ਦੀ ਪਰੇਸ਼ਾਨੀ ਵਿਚੋਂ ਲੰਘਣਾ ਪਿਆ ਹੈ। ਅਮਰੀਕਾ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਅਮਰੀਕਾ ਦੀ ਮਨੋਰੰਜਨ ਖੇਤਰ ਦੀ ਦਿੱਗਜ ਕੰਪਨੀ ਡਿਜ਼ਨੀ ਨੇ ਆਪਣੇ ਥੀਮ ਪਾਰਕ 'ਚ ਕੰਮ ਕਰ ਰਹੇ 28,000 ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ ਕੀਤਾ ਹੈ। ਡਿਜ਼ਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਲੰਬੇ ਪ੍ਰਭਾਵ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਨਿਊਯਾਰਕ ਟਾਈਮਜ਼ ਅਨੁਸਾਰ ਡਿਜ਼ਨੀ ਪਾਰਕ ਦੇ ਚੇਅਰਮੈਨ ਜੋਸ਼ ਡੀ. ਆਮਾਰੋ ਨੇ ਕਿਹਾ ਇਸ ਤਰ੍ਹਾਂ ਕਰਨਾ ਮੇਰੇ ਲਈ ਕਾਫ਼ੀ ਦੁੱਖਦਾਈ ਹੈ ਪਰ ਕੋਵਿਡ-19 ਨਾਲ ਪ੍ਰਭਾਵਿਤ ਕਾਰੋਬਾਰ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੂੰ ਧਿਆਨ 'ਚ ਰੱਖਦੇ ਹੋਏ ਮੁਲਾਜ਼ਮਾਂ ਨੂੰ ਘੱਟ ਕਰਨਾ ਚਾਹੁੰਦਾ ਹਾਂ। 
ਕੰਪਨੀ ਨੇ ਕਿਹਾ ਕਿ ਥੀਮ ਪਾਰਕ 'ਚ ਕੰਮ ਕਰ ਰਹੇ ਸਟਾਫ਼ 'ਚੋਂ 28,000 ਨੌਕਰੀਆਂ ਘੱਟ ਕਰੇਗੀ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਕੰਪਨੀ ਦੇ ਫਲੋਰੀਡਾ ਤੇ ਕੈਲੀਫੋਰਨੀਆ 'ਚ ਮੌਜੂਦ ਥੀਮ ਪਾਰਕ 'ਚ ਹੀ 1,10,000 ਮੁਲਾਜ਼ਮਾਂ ਕੰਮ ਕਰਦੇ ਸੀ ਤੇ ਡਿਜ਼ਨੀ ਦੇ ਇਸ ਐਲਾਨ ਦੇ ਬਾਅਦ ਮੁਲਾਜ਼ਮਾਂ ਦੀ ਗਿਣਤੀ 82,000 ਰਹਿ ਜਾਵੇਗੀ।

ਦੱਸ ਦਈਏ ਕਿ ਅਮਰੀਕਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 71 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ ਜਦਕਿ 2 ਲੱਖ ਤੋਂ ਜ਼ਿਆਦਾ ਵਾਇਰਸ ਦੇ ਕਾਰਨ ਆਪਮੀ ਜਾਨ ਗੁਆ ਚੁੱਕੇ ਹਨ। 


Lalita Mam

Content Editor

Related News