ਕੋਵਿਡ-19 : ਆਸਟਰੇਲੀਆ ਦੇ ਵਿਕਟੋਰੀਆ, ਕੁਈਨਜ਼ਲੈਂਡ ਤੇ NSW ਦੇ ਜਾਣੋ ਤਾਜ਼ਾ ਹਾਲਾਤ
Wednesday, Sep 09, 2020 - 03:02 PM (IST)

ਵਿਕਟੋਰੀਆ- ਆਸਟਰੇਲੀਆ ਦੀ ਗਿਣਤੀ ਉਨ੍ਹਾਂ ਦੇਸ਼ਾਂ ਵਿਚ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਹੈ ਤੇ ਇੱਥੇ ਸਥਿਤੀ ਬਹੁਤ ਜ਼ਿਆਦਾ ਖਰਾਬ ਨਹੀਂ ਹੋਈ। ਹਾਲਾਂਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਦੇ ਵਿਕਟੋਰੀਆ ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 76 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਹੋਰ 11 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਸੂਬੇ ਵਿਚ 694 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 1,622 ਕਿਰਿਆਸ਼ੀਲ ਮਾਮਲੇ ਹਨ ਅਤੇ 196 ਲੋਕਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਸਿਹਤ ਸੰਭਾਲ ਘਰਾਂ 'ਚ ਵਧੇਰੇ ਮਾਮਲੇ-
ਵਿਕਟੋਰੀਆ ਦੇ ਸਿਹਤ ਅਧਿਕਾਰੀ ਮੁਤਾਬਕ ਬਜ਼ੁਰਗਾਂ ਦੇ ਸਿਹਤ ਸੰਭਾਲ ਘਰਾਂ ਤੇ ਦਿਵਿਆਂਗ ਲੋਕਾਂ ਦੀ ਸੰਭਾਲ ਕਰਨ ਵਾਲਿਆਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਵਧੇਰੇ ਦਿਖੇ ਹਨ। ਵਿਕਟੋਰੀਆ ਵਿਚ 3,286 ਸਿਹਤ ਕਾਮੇ ਅਤੇ ਬਜ਼ੁਰਗਾਂ ਨੂੰ ਸੰਭਾਲਣ ਵਾਲੇ ਕਾਮੇ ਕੋਰੋਨਾ ਦੀ ਲਪੇਟ ਵਿਚ ਆਏ ਹਨ, ਜਿਨ੍ਹਾਂ ਵਿਚੋਂ 252 ਅਜੇ ਵੀ ਕਿਰਿਆਸ਼ੀਲ ਹਨ। ਸਿਹਤ ਮੰਤਰਾਲੇ ਵਲੋਂ ਇਸ ਵੱਡੀ ਗਿਣਤੀ 'ਤੇ ਚਿੰਤਾ ਪ੍ਰਗਟਾਈ ਗਈ ਹੈ।
ਸੂਬੇ ਦੇ ਮੁੱਖ ਮੰਤਰੀ ਡੈਨੀਅਲ ਐਂਡਰੀਊ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਸਿਹਤ ਕਾਮੇ ਤੇ ਡਾਕਟਰ ਕੋਰੋਨਾ ਦੀ ਲਪੇਟ ਵਿਚ ਆਏ ਹਨ ਪਰ ਫਿਰ ਵੀ ਉਹ ਫਰੰਟ ਲਾਈਨ ਵਿਚ ਖੜ੍ਹੇ ਹਨ, ਅਸੀਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ।
ਮੈਲਬੌਰਨ ਦੇ ਦੋ ਸਟੋਰਾਂ 'ਚ ਕੋਰੋਨਾ ਦੇ ਮਾਮਲੇ-
ਵਿਕਟੋਰੀਆ ਦੇ ਸਿਹਤ ਵਿਭਾਗ ਵਲੋਂ ਮੈਲਬੌਰਨ ਦੇ ਦੋ ਵੂਲਜ਼ਵਰਥਸ ਸੁਪਰਸਟੋਰਾਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਜਾਂਚ ਕੀਤੀ ਜਾ ਰਹੀ ਹੈ। ਇਕ ਸਟੋਰ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਦੇ ਸਾਰੇ ਸਟਾਫ ਦਾ ਟੈਸਟ ਕੀਤਾ ਜਾ ਰਿਹਾ ਹੈ। ਇਕ ਸਟੋਰ ਵਿਚ ਇਕ ਸਟਾਫ ਮੈਂਬਰ ਕੋਰੋਨਾ ਦਾ ਸ਼ਿਕਾਰ ਹੋਇਆ ਮਿਲਿਆ, ਜਿਸ ਦੇ ਬਾਅਦ ਸਟੋਰ ਬੰਦ ਕੀਤਾ ਗਿਆ।
ਕੁਈਨਜ਼ਲੈਂਡ 'ਚ 8 ਨਵੇਂ ਮਾਮਲੇ-
ਕੁਈਨਜ਼ਲੈਂਡ ਸੂਬੇ ਵਿਚ ਕੋਰੋਨਾ ਦੇ 8 ਨਵੇਂ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿਚੋਂ 5 ਮਾਮਲੇ ਵਾਕੋਲ ਦੇ ਕੁਈਨਜ਼ਲੈਂਡ ਸੁਧਾਰ ਸੇਵਾ ਅਕੈਡਮੀ ਨਾਲ ਸਬੰਧਤ ਹਨ। ਸੂਬੇ ਦੇ ਮੁੱਖ ਮੰਤਰੀ ਮੁਤਾਬਕ ਇਨ੍ਹਾਂ ਦੇ ਸੰਪਰਕ ਵਿਚ ਆਏ ਲੋਕ ਇਕਾਂਤਵਾਸ ਹੋ ਗਏ ਹਨ। ਤਿੰਨ ਮਾਮਲੇ ਇਪਸਿਵਚ ਹਸਪਤਾਲ ਕਲਸਟਰ ਨਾਲ ਸਬੰਧਤ ਹਨ। ਇਸ ਦੇ 2 ਸਿਹਤ ਕਾਮੇ ਤੇ ਇਕ ਬੱਚਾ ਕੋਰੋਨਾ ਦੇ ਸ਼ੱਕ ਕਾਰਨ ਪਹਿਲਾਂ ਹੀ ਇਕਾਂਤਵਾਸ ਵਿਚ ਸਨ। ਇਸ ਖ਼ਬਰ ਦੇ ਨਾਲ ਹੀ ਇਪਸਵਿਚ ਮੁੰਡਿਆਂ ਦੇ ਸਕੂਲ ਨੂੰ 48 ਘੰਟਿਆਂ ਲਈ ਬੰਦ ਕੀਤਾ ਗਿਆ ਹੈ ਤਾਂ ਇਸ ਦੀ ਸਫਾਈ ਕੀਤੀ ਜਾ ਸਕੇ।
ਸਿਡਨੀ ਦੇ ਹੋਸਟਲ ਨੂੰ ਕਰਵਾਇਆ ਗਿਆ ਖਾਲੀ-
ਨਿਊ ਸਾਊਥ ਵੇਲਜ਼ ਸੂਬੇ ਵਿਚ 24 ਘੰਟਿਆਂ ਦੌਰਾਨ 9 ਨਵੇਂ ਮਾਮਲੇ ਦਰਜ ਹੋਏ ਹਨ। ਇਸ ਦੇ ਮਸ਼ਹੂਰ ਸ਼ਹਿਰ ਸਿਡਨੀ ਵਿਚੋਂ ਵੀ ਇਕ ਕੋਰੋਨਾ ਦਾ ਮਾਮਲਾ ਦਰਜ ਹੋਇਆ ਹੈ। ਸਿਡਨੀ ਦੇ ਕੈਥੋਲਿਕ ਸਕੂਲ ਦੇ ਹੋਸਟਲ ਵਿਚ ਰਹਿਣ ਵਾਲੇ 150 ਵਿਦਿਆਰਥੀਆਂ ਨੂੰ ਵਾਪਸ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਹੋਸਟਲ ਨੂੰ ਖਾਲੀ ਕਰਵਾ ਕੇ ਸਫਾਈ ਕਰਵਾਈ ਜਾ ਰਹੀ ਹੈ।