ਚੀਨ ’ਚ ਕੋਵਿਡ ਸੰਕਟ ਵਧਣ ਦਾ ਖ਼ਦਸ਼ਾ, ਖਪਤਕਾਰ-ਉਤਪਾਦਕਾਂ ਨੇ ਸ਼ੁਰੂ ਕੀਤਾ ਭੰਡਾਰਨ

Monday, Jan 02, 2023 - 01:21 PM (IST)

ਨਵੀਂ ਦਿੱਲੀ (ਭਾਸ਼ਾ) - ਚੀਨ ’ਚ ਕਰੋਨਾ ਵਾਇਰਸ ਇਨਫੈਕਸ਼ਨ ਵਧਣ ਨਾਲ ਦੇਸ਼ ’ਚ ਟਿਕਾਊ ਖਪਤਕਾਰ ਵਸਤਾਂ (ਕੰਜ਼ਿਊਮਰ ਡਿਊਰੇਬਲਜ਼) ਦੇ ਨਿਰਮਾਤਾਵਾਂ ਨੂੰ ਸਪਲਾਈ ਚੇਨ ਰੁਕਾਵਟ ਕਾਰਨ ਚਿੰਤਾ ਸਤਾਉਣ ਲੱਗੀ ਹੈ ਅਤੇ ਉਨ੍ਹਾਂ ਨੇ ਸੰਕਟ ਤੋਂ ਬਚਣ ਲਈ ਕੱਚੇ ਮਾਲ ਦਾ ਭੰਡਾਰਣ ਸ਼ੁਰੂ ਕਰ ਦਿੱਤਾ ਹੈ। ਚੀਨ ’ਚ ਕੋਵਿਡ ਸੰਕਟ ਡੂੰਘਾ ਹੋਣ ਕਾਰਨ ਗਲੋਬਲ ਸਪਲਾਈ ਚੇਨ ਮੁੜ ਤੋਂ ਪ੍ਰਭਾਵਿਤ ਹੋ ਗਈ ਹੈ। ਮਾਹਿਰਾਂ ਨੇ ਕਿਹਾ ਕਿ ਜਨਵਰੀ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਦੇ ਨਾਲ ਜੇਕਰ ਉੱਥੋਂ ਦੇ ਕਾਰਖਾਨਿਆਂ ’ਚ ਫਰਵਰੀ ਤੋਂ ਪੂਰੀ ਤਰ੍ਹਾਂ ਉਤਪਾਦਨ ਸ਼ੁਰੂ ਨਾ ਹੋ ਸਕਿਆ ਤਾਂ ਭਾਰਤੀ ਉਦਯੋਗਾਂ ਨੂੰ ਇਕ ਵਾਰ ਫਿਰ ਸਪਲਾਈ ਚੇਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਕੰਜ਼ਿਊਮਰ ਡਿਊਰੇਬਲਸ ਦੇ ਨਿਰਮਾਤਾ ਆਮ ਤੌਰ ’ਤੇ ਇਕ ਮਹੀਨੇ ਲਈ ਕੱਚੇ ਮਾਲ ਦਾ ਭੰਡਾਰ ਰੱਖਦੇ ਹਨ ਪਰ ਹੁਣ ਉਹ ਇਸ ਨੂੰ ਘੱਟੋ-ਘੱਟ ਦੋ-ਤਿੰਨ ਮਹੀਨਿਆਂ ਦੀ ਜ਼ਰੂਰਤ ਦੇ ਹਿਸਾਬ ਨਾਲ ਵਧਾ ਰਹੇ ਹਨ।

ਸਪਲਾਈ ਚੇਨ ’ਚ ਕੋਈ ਵੀ ਸੰਭਾਵੀ ਰੁਕਾਵਟ ਏਅਰ ਕੰਡੀਸ਼ਨਰ ਅਤੇ ਐੱਲ. ਈ. ਡੀ. ਟੀ. ਵੀ. ਪੈਨਲ ਵਰਗੀਆਂ ਉਤਪਾਦਨ ਸ਼੍ਰੇਣੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੰਪਨੀ ਡਿਕਸਨ ਟੈਕਨਾਲੋਜੀਜ਼ ਦੇ ਵਾਈਸ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਤੁਲ ਲਾਲ ਨੇ ਕਿਹਾ ਕਿ ਉਹ ਚੀਨ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਗੋਦਰੇਜ ਅਪਲਾਇੰਸਿਜ਼ ਦੇ ਕਾਰੋਬਾਰੀ ਪ੍ਰਮੁੱਖ ਅਤੇ ਕਾਰਜਕਾਰੀ ਵਾਈਸ ਚੇਅਰਮੈਨ ਕਮਲ ਨੰਦੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਉਪਕਰਣ ਉਦਯੋਗ ਨੇ ਪਾਰਟਸ ਦੀ ਸਪਲਾਈ ਲਈ ਚੀਨ ’ਤੇ ਆਪਣੀ ਨਿਰਭਰਤਾ ਘਟਾ ਦਿੱਤੀ ਹੈ। ਫਿਰ ਵੀ ਏਅਰ ਕੰਡੀਸ਼ਨਰ ਵਰਗੀਆਂ ਕੁਝ ਸ਼੍ਰੇਣੀਆਂ ’ਚ ਚੀਨ ’ਤੇ ਨਿਰਭਰਤਾ ਬਹੁਤ ਜ਼ਿਆਦਾ ਹੈ। ਏਅਰ ਕੰਡੀਸ਼ਨਰ ਦੇ ਲਗਭਗ 40 ਤੋਂ 45 ਫੀਸਦੀ ਹਿੱਸੇ (ਮੁੱਲ ਅਨੁਸਾਰ) ਚੀਨ ਤੋਂ ਆਉਂਦੇ ਹਨ।

ਕੰਪ੍ਰੈਸ਼ਰ ਇਨ੍ਹਾਂ ’ਚ ਇੱਕ ਵੱਡਾ ਹਿੱਸਾ ਹਨ। ਨੰਦੀ ਨੇ ਕਿਹਾ ਕਿ ਜੇਕਰ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਉੱਥੇ ਕੋਵਿਡ ਮਹਾਮਾਰੀ ਦੀ ਸਥਿਤੀ ਵਿਗੜਦੀ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੋਵੇਗਾ। ਚੀਨੀ ਨਵੇਂ ਸਾਲ ਦੀ ਸ਼ੁਰੂਆਤ 20 ਜਨਵਰੀ ਤੋਂ ਹੋਵੇਗੀ ਅਤੇ ਲਗਭਗ ਦੋ ਹਫ਼ਤਿਆਂ ਦੀਆਂ ਛੁੱਟੀਆਂ ਤੋਂ ਬਾਅਦ ਫਰਵਰੀ ਦੇ ਪਹਿਲੇ ਹਫ਼ਤੇ ਕਾਰਖਾਨੇ ਦੁਬਾਰਾ ਖੁੱਲ੍ਹ ਜਾਣਗੇ।


Harinder Kaur

Content Editor

Related News