ਕੋਵਿਡ-19 : ਦੁਨੀਆ ਸਾਹਮਣੇ ਭੋਜਣ ਦਾ ਸੰਕਟ, UN, WHO ਅਤੇ WTO ਨੇ ਦਿੱਤੀ ਚਿਤਾਵਨੀ

Thursday, Apr 02, 2020 - 03:33 AM (IST)

ਕੋਵਿਡ-19 : ਦੁਨੀਆ ਸਾਹਮਣੇ ਭੋਜਣ ਦਾ ਸੰਕਟ, UN, WHO ਅਤੇ WTO ਨੇ ਦਿੱਤੀ ਚਿਤਾਵਨੀ

ਪੈਰਿਸ (ਏਜੰਸੀ)- ਸਰਕਾਰਾਂ ਜੇਕਰ ਕੋਰੋਨਾ ਵਾਇਰਸ ਦੇ ਕਾਰਣ ਉਪਜੇ ਇਸ ਸੰਕਟ ਦਾ ਹੱਲ ਨਾ ਕੱਢ ਸਕੀਆਂ ਤਾਂ ਦੁਨੀਆ ਦੇ ਸਾਹਮਣੇ ਨਵਾਂ ਸੰਕਟ ਪੈਦਾ ਹੋ ਸਕਦਾ ਹੈ। ਇਹ ਸੰਕਟ ਹੈ ਭੋਜਨ ਦਾ। ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਅਤੇ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀ ਸੰਗਠਨ (ਐਫ.ਏ.ਓ.) ਨੇ ਇਕ ਸੰਯੁਕਤ ਬਿਆਨ ਵਿਚ ਇਹ ਚਿਤਾਵਨੀ ਦਿੱਤੀ ਹੈ। ਇਸ ਸਮੇਂ ਕੋਰੋਨਾ ਦੇ ਕਾਰਣ ਕਈ ਦੇਸ਼ਾਂ ਵਿਚ ਲੌਕਡਾਊਨ ਚੱਲ ਰਿਹਾ ਹੈ।

ਇਸ ਦੇ ਕਾਰਣ ਕੌਮਾਂਤਰੀ ਵਪਾਰ ਅਤੇ ਖੁਰਾਕ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਲੋਕਾਂ ਨੇ ਅਫਰਾ-ਤਫਰੀ ਦੇ ਚੱਲਦੇ ਵੱਡੇ ਪੱਧਰ 'ਤੇ ਖਰੀਦਦਾਰੀ ਕਰਕੇ ਸਾਮਾਨ ਘਰਾਂ ਵਿਚ ਇਕੱਠਾ ਕੀਤਾ ਹੈ। ਇਸ ਨਾਲ ਵੀ ਖੁਰਾਕ ਵਸਤਾਂ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਐਫ.ਏ.ਓ. ਦੇ ਮੁਖੀ ਕਿਊ ਡੋਂਗਿਊ, ਡਬਲਿਊ.ਐਚ.ਓ. ਡਾਇਰੈਕਟਰ ਜਨਰਲ ਟੇਉਰੋਸ ਐਡਨਮ ਅਤੇ ਡਬਲਿਊ.ਟੀ.ਓ. ਦੇ ਡਾਇਰੈਕਟਰ ਰਾਬਰਟੋ ਏਜੇਵੇਡੋ ਵਲੋਂ ਜਾਰੀ ਸੰਯੁਕਤ ਬਿਆਨ ਵਿਚ ਕਿਹਾ ਗਿਆ ਹੈ ਕਿ ਖੁਰਾਕ ਉਪਲਬੱਧਤਾ ਦੀ ਅਨਿਸ਼ਚਿਤਤਾ ਕਾਰਣ ਕਈ ਦੇਸ਼ ਨਿਰਯਾਤ 'ਤੇ ਪਾਬੰਦੀ ਲਗਾ ਸਕਦੇ ਹਨ, ਇਸ ਨਾਲ ਸੰਸਾਰਕ ਬਾਜ਼ਾਰ ਵਿਚ ਕਮੀ ਆਏਗੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਲੌਕਡਾਊਨ ਦੌਰਾਨ ਵੀ ਜਿੱਥੋਂ ਤੱਕ ਸੰਭਵ ਹੋਵੇ ਵਪਾਰ ਨੂੰ ਸੁਚਾਰੂ ਤਰੀਕੇ ਨਾਲ ਚਲਾਉਂਦੇ ਰਹਿਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਦੇ ਸਮੇਂ ਵੱਖ-ਵੱਖ ਦੇਸ਼ਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਖੁਰਾਕ ਸਪਲਾਈ ਦੀ ਚੇਨ ਪ੍ਰਭਾਵਿਤ ਨਾ ਹੋਵੇ। ਜ਼ਿਆਦਾ ਸਮੇਂ ਤੱਕ ਆਰਡਰ ਰੁਕੇ ਰਹਿਣ ਅਤੇ ਯਾਤਰਾ 'ਤੇ ਪਾਬੰਦੀ ਨਾਲ ਮਜ਼ਦੂਰਾਂ ਦੀ ਕਮੀ ਹੋ ਰਹੀ ਹੈ, ਜਿਸ ਨਾਲ ਖੇਤੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸ ਨਾਲ ਬਾਜ਼ਾਰ ਤੱਕ ਖੁਰਾਕ ਪਦਾਰਥਾਂ ਦਾ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ। ਸਾਂਝੇ ਬਿਆਨ ਵਿਚ ਖੁਰਾਕ ਉਤਪਾਦਨ ਨਾਲ ਜੁੜੇ ਕੰਮਾਂ ਵਿਚ ਲੱਗੇ ਲੋਕਾਂ ਦਾ ਰੋਜ਼ਗਾਰ ਯਕੀਨੀ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ।


author

Sunny Mehra

Content Editor

Related News