WHO ਨੇ ਕੋਰੋਨਾ ਵਾਇਰਸ ਟੀਕੇ ਨੂੰ ਲੈ ਕੇ ਦਿੱਤੀ ਇਹ ਵੱਡੀ ਖ਼ੁਸ਼ਖ਼ਬਰੀ

Wednesday, Oct 07, 2020 - 12:05 AM (IST)

WHO ਨੇ ਕੋਰੋਨਾ ਵਾਇਰਸ ਟੀਕੇ ਨੂੰ ਲੈ ਕੇ ਦਿੱਤੀ ਇਹ ਵੱਡੀ ਖ਼ੁਸ਼ਖ਼ਬਰੀ

ਜਿਨੇਵਾ— ਕੋਰੋਨਾ ਵਾਇਰਸ ਟੀਕੇ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਮੁਖੀ ਟੇਡ੍ਰੋਸ ਨੇ ਰਾਹਤ ਭਰੀ ਖ਼ਬਰ ਦਿੱਤੀ ਹੈ। ਜਿਨੇਵਾ 'ਚ ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅਖੀਰ ਤੱਕ ਕੋਰੋਨਾ ਵਾਇਰਸ ਦਾ ਇਕ ਪ੍ਰਮਾਣਿਕ ਟੀਕਾ ਤਿਆਰ ਹੋ ਸਕਦਾ ਹੈ।

ਡਬਲਿਊ. ਐੱਚ. ਓ. ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਨੋਮ ਨੇ ਮਹਾਮਾਰੀ 'ਤੇ ਆਪਣੇ ਕਾਰਜਕਾਰੀ ਬੋਰਡ ਦੀ ਦੋ ਦਿਨਾਂ ਬੈਠਕ ਦੀ ਸਮਾਪਤੀ ਨੂੰ ਸੰਬੋਧਨ ਕਰਦਿਆਂ ਕਿਹਾ, ''ਸਾਨੂੰ ਟੀਕਿਆਂ ਦੀ ਜ਼ਰੂਰਤ ਹੋਏਗੀ ਅਤੇ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਡੇ ਕੋਲ ਕੋਈ ਟੀਕਾ ਹੋ ਸਕਦਾ ਹੈ।''

ਡਬਲਿਊ. ਐੱਚ. ਓ. ਦੀ ਅਗਵਾਈ ਵਾਲੇ ਕੋਵੈਕਸ ਗਲੋਬਲ ਟੀਕਾ ਪ੍ਰਾਜੈਕਟ ਦੇ ਨੌ ਪ੍ਰਯੋਗਾਤਮਕ ਟੀਕੇ ਪਾਈਪਲਾਈਨ 'ਚ ਹਨ, ਜਿਨ੍ਹਾਂ ਦਾ ਮਕਸਦ 2021 ਦੇ ਅੰਤ ਤੱਕ 2 ਅਰਬ ਖੁਰਾਕਾਂ ਵੰਡਣਾ ਹੈ। ਟੇਡ੍ਰੋਸ ਨੇ ਕਿਹਾ ਕਿ ਜੋ ਟੀਕੇ ਅਤੇ ਉਤਪਾਦ ਪਾਈਪਲਾਈਨ 'ਚ ਹਨ, ਇਨ੍ਹਾਂ ਦੀ ਇਕ ਬਰਾਬਰ ਵੰਡ ਨੂੰ ਯਕੀਨੀ ਕਰਨ ਲਈ ਸਭ ਤੋਂ ਮਹੱਤਵਪੂਰਨ ਸਾਡੇ ਨੇਤਾਵਾਂ ਦੀ ਰਾਜਨੀਤਕ ਵਚਨਬੱਧਤਾ ਹੋਣਾ ਜ਼ਰੂਰੀ ਹੈ। ਗੌਰਤਲਬ ਹੈ ਕਿ ਹੁਣ ਤੱਕ 168 ਦੇਸ਼ ਕੋਵੈਕਸ ਪ੍ਰਾਜੈਕਟ ਨਾਲ ਜੁੜ ਚੁੱਕੇ ਹਨ ਪਰ ਇਸ 'ਚ ਨਾ ਤਾਂ ਚੀਨ, ਨਾ ਸੰਯੁਕਤ ਰਾਜ ਅਮਰੀਕਾ ਅਤੇ ਨਾ ਹੀ ਰੂਸ ਸ਼ਾਮਲ ਹੋਇਆ ਹੈ। ਇਸ ਪ੍ਰਾਜੈਕਟ ਦਾ ਮਕਸਦ ਟੀਕਾ ਵਿਕਸਤ ਕਰਨਾ ਅਤੇ ਹਰ ਕਿਸੇ ਤੱਕ ਇਸ ਦੀ ਪਹੁੰਚ ਬਣਾਉਣਾ ਹੈ।

ਉੱਥੇ ਹੀ, ਇਸ ਵਿਚਕਾਰ ਫਾਈਜ਼ਰ ਦੇ ਕੋਵਿਡ-19 ਟੀਕੇ 'ਤੇ ਨਜ਼ਰਾਂ ਹਨ। ਯੂਰਪ ਦੇ ਡਰੱਗਜ਼ ਰੈਗੂਲੇਟਰ ਨੇ ਮੰਗਲਵਾਰ ਨੂੰ ਫਾਈਜ਼ਰ ਇੰਕ ਅਤੇ ਬਾਇਓਨਟੈਕ ਐੱਸ. ਈ. ਦੇ ਪ੍ਰਯੋਗਾਤਮਕ ਟੀਕੇ ਦੀ ਸ਼ੁਰੂਆਤੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਦੌੜ 'ਚ ਆਕਸਫੋਰਡ ਅਤੇ ਐਸਟ੍ਰਾਜੈਨੇਕਾ ਵੀ ਪਿੱਛੇ ਨਹੀਂ ਹਨ। ਯੂਰਪੀ ਮੈਡੀਸਨ ਏਜੰਸੀ ਨੇ ਇਨ੍ਹਾਂ ਦੇ ਸੰਭਾਵਿਤ ਕੋਵਿਡ-19 ਟੀਕੇ ਦੇ ਅੰਕਿੜਆਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।


author

Sanjeev

Content Editor

Related News