ਓਮੀਕਰੋਨ ਦਾ ਖ਼ੌਫ: ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਕਰਨ ’ਤੇ ਪਾਬੰਦੀ ਲਗਾਏਗਾ ਇਜ਼ਰਾਇਲ
Monday, Dec 20, 2021 - 02:52 PM (IST)
ਯੇਰੂਸ਼ਲਮ (ਭਾਸ਼ਾ) : ਇਜ਼ਰਾਇਲੀ ਮੰਤਰੀਆਂ ਨੇ ਦੁਨੀਆ ਭਰ ਵਿਚ ਓਮੀਕਰੋਨ ਵੇਰੀਐਂਟ ਦੇ ਫ਼ੈਲਣ ’ਤੇ ਅਮਰੀਕਾ ਅਤੇ ਕੈਨੇਡਾ ਨੂੰ ਆਪਣੀ ਕੋਰੋਨਾ ਵਾਇਰਸ ਯਾਤਰਾ ਦੀ ‘ਰੈਡ ਸੂਚੀ’ ਵਿਚ ਰੱਖਣ ਦੀ ਸੋਮਵਾਰ ਨੂੰ ਇਜਾਜ਼ਤ ਦੇ ਦਿੱਤੀ ਹੈ। ਇਜ਼ਰਾਇਲ ਵਿਚ ਸੰਕ੍ਰਮਣ ਦੇ ਮਾਮਲੇ ਵਧਣ ਦਰਮਿਆਨ ਅਮਰੀਕਾ ਨੂੰ ਇਸ ਸੂਚੀ ਵਿਚ ਰੱਖਣ ਦਾ ਕਦਮ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਅਮਰੀਕਾ ਉਨ੍ਹਾਂ ਯੂਰਪੀ ਦੇਸ਼ਾਂ ਅਤੇ ਹੋਰ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਏਗਾ, ਜਿੱਥੇ ਇਜ਼ਰਾਇਲੀ ਨਾਗਰਿਕਾਂ ਦੇ ਯਾਤਰਾ ਕਰਨ ’ਤੇ ਪਾਬੰਦੀ ਹੈ ਅਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਵਿਚ ਰਹਿਣਾ ਹੋਵੇਗਾ।
ਸੰਸਦ ਦੀ ਇਕ ਕਮੇਟੀ ਤੋਂ ਇਸ ਕਦਮ ਨੂੰ ਅੰਤਿਮ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਇਕ ਵਾਰ ਮਨਜ਼ੂਰੀ ਮਿਲਣ ’ਤੇ ਯਾਤਰਾ ਪਾਬੰਦੀ ਬੁੱਧਵਾਰ ਨੂੰ ਅੱਧੀ ਰਾਤ ਤੋਂ ਲਾਗੂ ਹੋ ਜਾਏਗੀ। ਇਜ਼ਰਾਇਲ ਵਿਚ ਹਾਲ ਹੀ ਦੇ ਹਫ਼ਤਿਆਂ ਵਿਚ ਕੋਰੋਨਾ ਵਾਇਰਸ ਦੇ ਜ਼ਿਆਦਾ ਛੂਤਕਾਰੀ ਵੇਰੀਐਂਟ ਦੇ ਨਵੇਂ ਮਾਮਲੇ ਵੱਧ ਗਏ ਹਨ ਅਤੇ ਉਸ ਨੇ ਨਵੰਬਰ ਵਿਚ ਆਪਣੀਆਂ ਸਰਹੱਦਾਂ ਨੂੰ ਬੰਦ ਕਰਨਾ ਅਤੇ ਯਾਤਰਾ ’ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਯਾਤਰਾ ਪਾਬੰਦੀਆਂ ਦੀ ਸੂਚੀ ਵਿਚ ਸ਼ਾਮਲ ਹੋਰ ਦੇਸ਼ ਬੈਲਜ਼ੀਅਮ, ਕੈਨੇਡਾ, ਜਰਮਨੀ, ਹੰਗਰੀ, ਇਟਲੀ, ਮੋਰੱਕੋ, ਪੁਰਤਗਾਲ, ਸਵਿਟਜ਼ਰਲੈਂਡ ਅਤੇ ਤੁਰਕੀ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।