ਓਂਟਾਰੀਓ ''ਚ ਲਗਾਤਾਰ ਵੱਧਦੇ ਜਾ ਰਹੇ ਕੋਰੋਨਾ ਵਾਇਰਸ ਦੇ ਮਾਮਲੇ

Tuesday, Dec 01, 2020 - 03:51 PM (IST)

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਕੋਰੋਨਾ ਦੇ ਗੜ੍ਹ ਬਣੇ ਖੇਤਰਾਂ ਵਿਚ ਸਖ਼ਤਾਈ ਕਰਦੇ ਜਾ ਰਹੇ ਹਨ। 

ਇੱਥੇ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ 1700 ਤੋਂ ਪਾਰ ਦਰਜ ਹੋਏ ਹਨ। ਸਿਹਤ ਅਧਿਕਾਰੀਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਓਂਟਾਰੀਓ ਵਿਚ ਕੋਰੋਨਾ ਦੇ 1,746 ਨਵੇਂ ਮਾਮਲੇ ਦਰਜ ਹੋਏ ਹਨ ਇਸ ਤੋਂ ਇਕ ਦਿਨ ਪਹਿਲਾਂ 1,708 ਅਤੇ ਉਸ ਤੋਂ ਪਹਿਲਾਂ 1,855 ਮਾਮਲੇ ਸਾਹਮਣੇ ਆਏ ਸਨ। 

ਸੂਬਾ ਲਗਾਤਾਰ ਕੋਰੋਨਾ ਦੇ ਮਾਮਲਿਆਂ ਵਿਚ ਰਿਕਾਰਡ ਬਣਾਉਂਦਾ ਜਾ ਰਿਹਾ ਹੈ। ਸੂਬੇ ਵਿਚ ਕੋਰੋਨਾ ਟੈਸਟ ਵੀ ਬਹੁਤ ਤੇਜ਼ੀ ਨਾਲ ਹੋ ਰਹੇ ਹਨ। ਬੀਤੇ ਦਿਨ ਇੱਥੇ 39 ਹਜ਼ਾਰ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ, ਇਸ ਤੋਂ ਪਹਿਲਾਂ ਸੂਬਾ ਇਕ ਦਿਨ ਵਿਚ 50 ਹਜ਼ਾਰ ਤੋਂ ਵੱਧ ਲੋਕਾਂ ਦਾ ਕੋਰੋਨਾ ਟੈਸਟ ਕਰ ਚੁੱਕਾ ਹੈ। ਟੈਸਟ ਵਿਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 4.6 ਫ਼ੀਸਦੀ ਹੋ ਗਈ ਹੈ। ਇਕ ਹਫਤਾ ਪਹਿਲਾਂ ਕੋਰੋਨਾ ਮਾਮਲੇ 1500 ਤੋਂ ਘੱਟ ਦਰਜ ਹੋ ਰਹੇ ਸਨ ਜਦਕਿ ਹੁਣ ਮਾਮਲੇ ਕਾਫੀ ਵੱਧ ਹਨ। ਸੂਬੇ ਦੇ ਹਸਪਤਾਲਾਂ ਵਿਚ 631 ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਹੋਰ 8 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। 

ਦੱਸਿਆ ਜਾ ਰਿਹਾ ਹੈ ਕਿ ਨਵੇਂ ਮਾਮਲਿਆਂ ਵਿਚੋਂ ਟੋਰਾਂਟੋ ਦੇ 622, ਪੀਲ ਦੇ 390 ਅਤੇ ਯਾਰਕ ਰੀਜਨ ਦੇ 217 ਮਾਮਲੇ ਹਨ। ਪੀਲ ਰੀਜਨ ਅਤੇ ਟੋਰਾਂਟੋ ਵਿਚ 28 ਦਿਨਾਂ ਦੀ ਤਾਲਾਬੰਦੀ ਦੇ ਬਾਵਜੂਦ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਕੈਸੀਨੋ, ਜਿੰਮ, ਮੂਵੀ ਥਿਏਟਰ ਆਦਿ ਬੰਦ ਹਨ। ਫਿਰ ਵੀ ਲੋਕਾਂ ਨੂੰ ਚੋਰੀ ਪਾਰਟੀ ਕਰਦਿਆਂ ਕਈ ਵਾਰ ਫੜਿਆ ਗਿਆ ਹੈ। ਭਾਰੀ ਜੁਰਮਾਨੇ ਦੇ ਬਾਵਜੂਦ ਲੋਕ ਖ਼ਤਰਾ ਵਧਾ ਰਹੇ ਹਨ। 


Lalita Mam

Content Editor

Related News