ਕੋਵਿਡ-19 : ਅਮਰੀਕਾ, ਕੈਨੇਡਾ ਤੇ ਮੈਕਸੀਕੋ ਨੇ 21 ਮਾਰਚ ਤੱਕ ਵਧਾਈਆਂ ਪਾਬੰਦੀਆਂ
Tuesday, Feb 23, 2021 - 02:56 AM (IST)
ਵਾਸ਼ਿੰਗਟਨ/ਟੋਰਾਂਟੋ - ਵਿਸ਼ਵ ਵਿਚ ਜਿਥੇ ਕੋਰੋਨਾ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਗਿਣਤੀ 11.13 ਕਰੋੜ ਪਾਰ ਹੋ ਗਈ ਹੈ। ਉਥੇ ਹੀ ਮ੍ਰਿਤਕਾਂ ਦੀ ਗਿਣਤੀ ਵੀ 24.65 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਇਸ ਵਿਚਾਲੇ ਦੁਨੀਆ ਦੇ ਕਈ ਦੇਸ਼ਾਂ ਵਿਚ ਇਕ ਵਾਰ ਫਿਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਲੱਗੀ ਹੈ। ਇਸ ਨੂੰ ਦੇਖਦੇ ਹੋਏ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਨੇ ਦੇਸ਼ ਵਿਚ 21 ਮਾਰਚ ਤੱਕ ਪਾਬੰਦੀਆਂ ਵਧਾ ਦਿੱਤੀਆਂ ਹਨ। ਇਥੇ ਰਹਿਣ ਵਾਲੇ ਲੋਕ ਹੁਣ ਗੈਰ-ਜ਼ਰੂਰੀ ਕੰਮਾਂ ਲਈ ਯਾਤਰਾ ਨਹੀਂ ਕਰ ਸਕਣਗੇ।
ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿਚ ਕੋਰੋਨਾ ਪਾਬੰਦੀਆਂ 21 ਫਰਵਰੀ ਤੱਕ ਲਾਈਆਂ ਗਈਆਂ ਸਨ ਪਰ ਹੁਣ ਇਨ੍ਹਾਂ ਨੂੰ ਹੋਰ ਵਧਾ ਦਿੱਤਾ ਗਿਆ ਹੈ। ਇਨ੍ਹਾਂ ਦੇਸ਼ਾਂ ਵਿਚ ਯਾਤਰਾ ਕਰਨ ਲਈ ਲੋਕਾਂ ਨੂੰ ਕਾਰਣ ਦੱਸਣਾ ਲਾਜ਼ਮੀ ਹੋਵੇਗਾ। ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਆਖਿਆ ਹੈ ਕਿ ਜੁਲਾਈ ਤੱਕ ਹਰ ਅਮਰੀਕੀ ਨੂੰ ਟੀਕਾ ਲਗਾਉਣ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ 'ਤੇ ਫਾਈਜ਼ਰ ਟੀਕਾ ਕੰਪਨੀ ਨੇ ਕਿਹਾ ਹੈ ਕਿ ਉਹ ਹਰ ਹਫਤੇ ਅਮਰੀਕਾ ਨੂੰ ਇਕ ਕਰੋੜ ਡੋਜ਼ ਦੇਵੇਗੀ। ਅਮਰੀਕਾ ਵਿਚ ਹੁਣ ਤੱਕ ਸਭ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ ਜਦਕਿ ਯੂਰਪੀਨ ਦੇਸ਼ਾਂ ਵਿਚ ਹੁਣ ਤੱਕ 2.45 ਕਰੋੜ ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ।
ਅਰਜਨਟੀਨਾ - ਟੀਕਾ ਵਿਵਾਦ 'ਤੇ ਸਿਹਤ ਮੰਤਰੀ ਦਾ ਅਸਤੀਫਾ
ਕੋਵਿਡ-19 ਟੀਕਾਕਰਨ ਲਈ ਫਰੰਟ ਲਾਈਨ ਗਰੁੱਪ ਤੋਂ ਬਾਹਰ ਦੇ ਲੋਕਾਂ ਨੂੰ ਟੀਕੇ ਦਿੱਤੇ ਜਾਣ 'ਤੇ ਵਿਵਾਦ ਵਿਚਾਲੇ ਅਰਜਨਟੀਨਾ ਰਾਸ਼ਟਰਪਤੀ ਅਲਬਰਟੋ ਫਰਨਾਡੀਜ਼ ਨੇ ਸਿਹਤ ਮੰਤਰੀ ਨੂੰ ਅਸਤੀਫਾ ਦੇਣ ਲਈ ਕਿਹਾ ਹੈ। ਸਥਾਨਕ ਮੰਤਰੀ ਗਿਨੀਜ਼ ਗੋਂਜਾਲੇਜ ਗਾਰਸਿਆ 'ਤੇ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ ਕੋਵਿਡ-19 ਟੀਕਾਕਰਨ ਲਈ ਫਰੰਟ ਲਾਈਨ ਗਰੁੱਪ ਵਿਚ ਨਾਂ ਨਾ ਹੋਣ 'ਤੇ ਵੀ ਮੰਨ-ਪ੍ਰਮੰਨੇ ਸਥਾਨਕ ਪੱਤਰਕਾਰ ਨੂੰ ਟੀਕਾ ਦੇਣ ਦੀ ਸਿਫਾਰਸ਼ ਕੀਤੀ ਸੀ। ਗਾਰਸਿਆ ਸਰਕਾਰ ਦੀ ਕੋਵਿਡ-19 ਨਾਲ ਨਜਿੱਠਣ ਦੀ ਰਣਨੀਤੀ ਦਾ ਕੰਮ ਵੀ ਸੰਭਾਲ ਰਹੇ ਸਨ ਪਰ ਇਸ ਮਾਮਲੇ ਤੋਂ ਬਾਅਦ ਉਨ੍ਹਾਂ ਅਸਤੀਫਾ ਦੇ ਦਿੱਤਾ।