ਕੋਵਿਡ-19: ਭਾਰਤ, ਅਮਰੀਕਾ ਜਾਂ ਬ੍ਰਾਜ਼ੀਲ ਨਹੀਂ ਬਲਕਿ ਇਸ ਦੇਸ਼ ''ਚ ਹੈ ਮੌਤ ਦਰ ਸਭ ਤੋਂ ਵਧੇਰੇ
Sunday, Aug 30, 2020 - 09:22 PM (IST)
ਵਾਸ਼ਿੰਗਟਨ: ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ, ਬ੍ਰਾਜ਼ੀਲ, ਭਾਰਤ ਤੇ ਮੈਕਸੀਕੋ ਸਭ ਤੋਂ ਅੱਗੇ ਹਨ ਪਰ ਇਸ ਦੇ ਬਾਵਜੂਦ ਕੋਵਿਡ-19 ਕਾਰਣ ਮਰਨ ਵਾਲਿਆਂ ਦੀ ਦਰ ਜਿਸ ਦੇਸ਼ ਵਿਚ ਸਭ ਤੋਂ ਵਧੇਰੇ ਹੈ ਉਹ ਨਾ ਤਾਂ ਅਮਰੀਕਾ ਹੈ, ਨਾ ਬ੍ਰਾਜ਼ੀਲ ਤੇ ਨਾ ਹੀ ਭਾਰਤ।
ਦੱਖਣੀ ਅਮਰੀਕਾ ਦੇ ਪੂਰਬੀ ਸਮੁੰਦਰ ਤੱਟ ਨਾਲ ਲੱਗਦਾ ਪੇਰੂ ਉਹ ਦੇਸ਼ ਹੈ ਜਿਥੇ ਕੋਵਿਡ-19 ਦੇ ਕਾਰਣ ਮੌਤ ਦਰ ਦੁਨੀਆ ਵਿਚ ਸਭ ਤੋਂ ਵਧੇਰੇ ਹੈ। ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਇਥੇ ਮੌਤ ਦਰ ਹੋਰਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਪੇਰੂ ਵਿਚ ਇਸ ਵੇਲੇ ਕੋਰੋਨਾ ਵਾਇਰਸ ਦੇ 6.3 ਲੱਖ ਮਾਮਲੇ ਹਨ ਤੇ 28,471 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਇਹ ਮੌਤ ਦਰ ਕਿਸੇ ਵੀ ਹੋਰ ਦੇਸ਼ ਤੋਂ ਵਧੇਰੇ ਹੈ। ਲਾਤਿਨ ਅਮਰੀਕੀ ਦੇਸ਼ਾਂ ਦੇ ਵਿਚਾਲੇ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪਹਿਲਾ ਮਾਮਲਾ ਬ੍ਰਾਜ਼ੀਲ ਵਿਚ ਜਰਜ ਕੀਤਾ ਗਿਆ। ਬ੍ਰਾਜ਼ੀਲ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰ੍ਭਾਵਿਤ ਦੇਸ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਹੈ ਜਿਥੇ ਹੁਣ ਤੱਕ ਇਹ ਵਾਇਰਸ ਤਕਰੀਬਨ ਇਕ ਲੱਖ 20 ਹਜ਼ਾਰ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਉਥੇ ਹੀ ਕੋਰੋਨਾ ਕਾਰਣ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿਚ ਮੌਤਾਂ ਦਾ ਅੰਕੜਾਂ ਕੁਝ ਹਫਤਿਆਂ ਵਿਚ ਦੋ ਲੱਖ ਤੋਂ ਪਾਰ ਹੋਣ ਦਾ ਖਦਸ਼ਾ ਹੈ।
ਸਭ ਤੋਂ ਪਹਿਲਾਂ ਲਾਈ ਸੀ ਪਾਬੰਦੀ
ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿਚ ਲਾਤਿਨ ਅਮਰੀਕੀ ਦੇਸ਼ਾਂ ਵਿਚ ਪੇਰੂ ਉਹ ਦੇਸ਼ ਸੀ ਜਿਸ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸਖਤ ਪਾਬੰਦੀਆਂ ਲਗਾਈਆਂ ਸਨ। ਲਾਕਡਾਊਨ ਨਾਲ ਲੱਗੇ ਝਟਕੇ ਤੋਂ ਉਭਰਣ ਦੇ ਲਈ ਰਾਹਤ ਪੈਕੇਜ ਦੇਣ ਵਾਲੇ ਦੇਸ਼ਾਂ ਵਿਚ ਵੀ ਪੇਰੂ ਸਭ ਤੋਂ ਪਹਿਲਾ ਦੇਸ਼ ਸੀ। ਪਰ ਕੁਝ ਕਾਰਣਾਂ ਕਰਕੇ 3.25 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਕੋਰੋਨਾ ਕਾਰਣ ਵਧੇਰੇ ਮੌਤਾਂ ਹੋ ਰਹੀਆਂ ਹਨ।
ਇਨ੍ਹਾਂ ਕਾਰਣਾਂ ਕਰਕੇ ਹੋਈਆਂ ਵਧੇਰੇ ਮੌਤਾਂ
ਪੇਰੂ ਵਿਚ ਸਭ ਤੋਂ ਪਹਿਲਾ ਕਾਰਣ ਇਥੇ ਮੈਡੀਕਲ ਸਬੰਧੀ ਉਪਕਰਨਾਂ ਤੇ ਹਸਪਤਾਲਾਂ ਦੀ ਕਮੀ ਹੈ। ਸਿਹਤ ਕਰਮਚਾਰੀਆਂ ਦੀਆਂ ਤਨਖਾਹਾਂ ਘੱਟ ਹਨ ਤੇ ਸਿਰਫ ਇਕ ਹੀ ਲੈਬ ਹੈ ਜੋ ਮਾਲਿਕਿਊਲਰ ਟੈਸਟ ਕਰਨ ਵਿਚ ਸਮਰੱਥ ਹੈ। ਇਸ ਤੋਂ ਇਲਾਵਾ ਦੇਸ਼ ਵਿਚ ਟੈਸਟਾਂ ਦੀ ਕਮੀ ਵੀ ਇਸ ਦੇਸ਼ ਵਿਚ ਮੌਤ ਦਰ ਵਧੇਰੇ ਹੋਣ ਦਾ ਮੁੱਖ ਕਾਰਣ ਹੈ। ਇਥੇ ਸ਼ੁੱਕਰਵਾਰ ਤੱਕ ਮਾਲਿਕਿਊਲਰ ਟੈਸਟ ਦੇ ਰਾਹੀਂ 1,54,194 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਰੈਪਿਡ ਟੈਸਟ ਦੇ ਰਾਹੀਂ ਤਿੰਨ ਗੁਣਾ ਵਧੇਰੇ 4,67,800 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਕ ਹੋਰ ਕਾਰਣ ਜਿਸ ਨਾਲ ਪੇਰੂ ਵਿਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਵਧੀਆਂ ਸਨ ਉਹ ਸੀ ਆਕਸੀਜਨ ਦੀ ਕਮੀ। ਮੀਡੀਆ ਵਿਚ ਵਾਰ-ਵਾਰ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਵਿਚ ਦੇਖਿਆ ਗਿਆ ਕਿ ਲੋਕ ਆਕਸੀਜਨ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਵਿਚ ਲੱਗੇ ਹਨ। ਆਕਸੀਜਨ ਦੀ ਵਧਦੀ ਮੰਗ ਨੂੰ ਦੇਖਕੇ ਕਈ ਆਕਸੀਜਨ ਸਪਲਾਇਰਸ ਨੇ ਇਸ ਦੀ ਕੀਮਤ ਵਧਾ ਦਿੱਤੀ ਤੇ ਆਕਸੀਜਨ ਸੇਲਸ ਸੈਂਟਰ ਖੋਲ੍ਹ ਦਿੱਤੇ।
ਹਾਲ ਦੇ ਦਿਨਾਂ ਵਿਚ ਕਈ ਲੋਕਾਂ ਨੇ ਸਰਕਾਰ ਵਲੋਂ ਲਗਾਏ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਮਹਾਮਾਰੀ ਫੈਲਾਉਣ ਲਈ ਇਹੀ ਲੋਕ ਜ਼ਿੰਮੇਦਾਰ ਹਨ। ਇਸ ਦਾ ਕਾਰਣ ਹਾਲ ਹੀ ਵਿਚ ਲੀਮਾ ਵਿਚ ਹੋਈ ਇਕ ਪਾਰਟੀ ਸੀ, ਜਿਥੇ ਮਚੀ ਭਾਜੜ ਵਿਚ 13 ਲੋਕਾਂ ਦੀ ਮੌਤ ਹੋ ਗਈ। ਪੇਰੂ ਵਿਚ ਜਨਤਕ ਆਯੋਜਨਾਂ 'ਤੇ ਰੋਕ ਹੈ, ਜਿਸ ਦੇ ਬਾਵਜੂਦ ਤੋਮਸ ਰੈਸਤਰਾਂ ਵਿਚ ਹੋਈ ਇਸ ਪਾਰਟੀ ਵਿਚ 130 ਲੋਕ ਸ਼ਾਮਲ ਹੋਏ। ਪੁਲਸ ਦੇ ਪਹੁੰਚਣ 'ਤੇ ਇਥੇ ਭਾਜੜ ਮਚ ਗਈ ਸੀ। ਵੀਰਵਾਰ ਨੂੰ ਪੁਲਸ ਨੇ ਇਕ ਅਖਬਾਰ ਨੂੰ ਦੱਸਿਆ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਦੇਸ਼ ਵਿਚ 321 ਅਜਿਹੀਆਂ ਪਾਰਟੀਆਂ ਹੋਈਆਂ, ਜਿਨ੍ਹਾਂ ਨੇ ਕੋਰੋਨਾ ਦੇ ਵਾਧੇ ਵਿਚ ਵੱਡਾ ਯੋਗਦਾਨ ਪਾਇਆ।