ਜਾਨ ਖਤਰੇ ''ਚ ਪਾ ਕੋਰੋਨਾ ਨਾਲ ਲੜ ਰਹੇ ਭਾਰਤੀ-ਅਮਰੀਕੀ ਡਾਕਟਰ, ਕਈ ਆਪ ਵੀ ਹੋਏ ਸ਼ਿਕਾਰ

Monday, Apr 20, 2020 - 11:22 AM (IST)

ਜਾਨ ਖਤਰੇ ''ਚ ਪਾ ਕੋਰੋਨਾ ਨਾਲ ਲੜ ਰਹੇ ਭਾਰਤੀ-ਅਮਰੀਕੀ ਡਾਕਟਰ, ਕਈ ਆਪ ਵੀ ਹੋਏ ਸ਼ਿਕਾਰ

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਨੇ ਅਜਿਹਾ ਪ੍ਰਕੋਪ ਮਚਾਇਆ ਹੈ ਕਿ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹਾਂ ਮਰੀਜ਼ਾਂ ਦੀ ਦੇਖ-ਭਾਲ ਕਰਨ ਵਾਲੇ ਕਈ ਡਾਕਟਰ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਅਮਰੀਕੀ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜਨ (AAPI) ਦੇ ਸਕੱਤਰ ਰਵੀ ਕੋਲੀ ਮੁਤਾਬਕ ਅਜੇ ਇਹ ਦੱਸਣਾ ਮੁਸ਼ਕਲ ਹੈ ਕਿ ਕਿੰਨੇ ਕੁ ਡਾਕਟਰ ਕੋਰੋਨਾ ਦੀ ਲਪੇਟ ਵਿਚ ਹਨ ਪਰ ਲਗਭਗ 10 ਭਾਰਤੀ-ਅਮਰੀਕੀ ਡਾਕਟਰਾਂ ਦੀ ਹਾਲਤ ਗੰਭੀਰ ਹੈ। ਤੁਹਾਨੂੰ ਦੱਸ ਦਈਏ ਕਿ ਇਸ ਐਸੋਸੀਏਸ਼ਨ ਵਿਚ 80,000 ਭਾਰਤੀ-ਅਮਰੀਕੀ ਡਾਕਟਰ ਕੰਮ ਕਰਦੇ ਹਨ। ਵਧੇਰੇ ਡਾਕਟਰ ਨਿਊਯਾਰਕ ਤੇ ਨਿਊਜਰਸੀ ਵਿਚ ਡਿਊਟੀ ਕਰਨ ਦੌਰਾਨ ਬੀਮਾਰ ਹੋਏ ਹਨ।

ਨਿਊਯਾਰਕ ਵਿਚ ਡਾ. ਮਾਧਵੀ ਆਇਆ ਵੀ ਕੋਰੋਨਾ ਨਾਲ ਲੜ ਰਹੀ ਸੀ ਤੇ ਬੀਤੇ ਦਿਨੀਂ ਉਸ ਦੀ ਮੌਤ ਹੋ ਗਈ। 61 ਸਾਲਾ ਡਾ. ਮਾਧਵੀ ਆਪਣੇ ਪਤੀ ਤੇ ਧੀ ਨੂੰ ਆਖਰੀ ਵਾਰ ਮਿਲ ਵੀ ਨਾ ਸਕੀ, ਉਹ ਸਿਰਫ ਮੈਸਜ ਕਰਕੇ ਪਰਿਵਾਰ ਨਾਲ ਗੱਲ ਕਰਦੀ ਸੀ। ਨਿਊਜਰਸੀ ਵਿਚ ਨੌਕਰੀ ਕਰਨ ਵਾਲੇ ਇਕ ਹੋਰ ਭਾਰਤੀ ਮੂਲ ਦੇ ਡਾਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।

ਐਸੋਸੀਏਸ਼ਨ ਦੇ ਪ੍ਰਧਾਨ ਰਹੇ ਡਾਕਟਰ ਅਜੈ ਲੋਦਾ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਤੇ ਕਮਿਊਨਿਟੀ ਲੀਡਰਜ਼ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਨ। ਓਹੀਓ ਤੋਂ ਗੈਸਟਰੋਐਂਜੋਲੋਜਿਸਟ ਡਾਕਟਰ ਅੰਜਨਾ ਸਮਦਰ ਵੀ ਕੋਰੋਨਾ ਪੀੜਤ ਹੈ ਤੇ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਡਾ. ਸੁਨੀਲ ਮਿਹਰਾ ਵੀ ਕੋਰੋਨਾ ਨਾਲ ਜੰਗ ਲੜ ਰਹੇ ਹਨ।

ਯੂ. ਐੱਸ. ਸੈਂਟਰ ਫਾਰ ਡਿਸੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਮੁਤਾਬਕ ਕੁੱਲ ਪੀੜਤ ਡਾਕਟਰਾਂ ਵਿਚੋਂ ਏਸ਼ੀਅਨ ਮੂਲ ਦੇ 4.4 ਫੀਸਦੀ ਡਾਕਟਰ ਕੋਰੋਨਾ ਦੀ ਲਪੇਟ ਵਿਚ ਹਨ। ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਡਾਕਟਰਾਂ ਦੀ ਸੇਵਾ-ਭਾਵਨਾ ਨੂੰ ਸਲਾਮ ਕੀਤਾ ਹੈ ਤੇ ਉਨ੍ਹਾਂ ਦੀ ਵੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਹਨ। 
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 40,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 7 ਲੱਖ ਤੋਂ ਵੱਧ ਲੋਕ ਪੀੜਤ ਹਨ।
 


author

Lalita Mam

Content Editor

Related News