ਪੁਲਸ ਵਰਦੀ 'ਚ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣੀ ਪਈ ਭਾਰੀ, ਅਦਾਲਤ ਨੇ ਲਿਆ ਨੋਟਿਸ
Thursday, Dec 25, 2025 - 02:26 PM (IST)
ਲਾਹੌਰ (ਏਜੰਸੀ)- ਪਾਕਿਸਤਾਨ ਦੀ ਇੱਕ ਅਦਾਲਤ ਨੇ ਅਦਾਕਾਰਾ ਸਬਾ ਕਮਰ ਵਿਰੁੱਧ ਪੁਲਸ ਵਰਦੀ ਪਹਿਨਣ ਲਈ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਪੁਲਸ ਤੋਂ ਰਿਪੋਰਟ ਮੰਗੀ ਹੈ। ਸਬਾ ਕਮਰ ਨੇ ਬਾਲੀਵੁੱਡ ਫਿਲਮ "ਹਿੰਦੀ ਮੀਡੀਅਮ" ਵਿੱਚ ਅਭਿਨੈ ਕੀਤਾ ਸੀ। ਪਟੀਸ਼ਨਕਰਤਾ ਵਸੀਮ ਜਵਾਰ ਦੇ ਵਕੀਲ ਨੇ ਮੰਗਲਵਾਰ ਨੂੰ ਲਾਹੌਰ ਸੈਸ਼ਨ ਕੋਰਟ ਨੂੰ ਦੱਸਿਆ ਕਿ ਕਮਰ ਨੇ ਪੁਲਸ ਸੁਪਰਡੈਂਟ (ਐੱਸ.ਪੀ.) ਦੀ ਵਰਦੀ ਪਹਿਨ ਕੇ ਇੱਕ ਵੀਡੀਓ ਰਿਕਾਰਡ ਕੀਤੀ ਸੀ, ਜੋ ਕਿ ਕਾਨੂੰਨ ਦੀ ਉਲੰਘਣਾ ਹੈ।
ਇਹ ਵੀ ਪੜ੍ਹੋ: ਪੁਲਸ ਵਰਦੀ 'ਚ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣੀ ਪਈ ਭਾਰੀ, ਅਦਾਲਤ ਨੇ ਲਿਆ ਨੋਟਿਸ

ਉਨ੍ਹਾਂ ਦਲੀਲ ਦਿੱਤੀ, "ਬਿਨਾਂ ਇਜਾਜ਼ਤ ਪੁਲਸ ਵਰਦੀ ਪਹਿਨਣਾ ਗੈਰ-ਕਾਨੂੰਨੀ ਹੈ ਅਤੇ ਇਸ ਕਾਰਵਾਈ ਨੇ ਪੰਜਾਬ ਸੂਬਾਈ ਪੁਲਸ ਦੇ ਮਨੋਬਲ ਅਤੇ ਅਕਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।" ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਪੁਲਸ ਨੂੰ ਸਬਾ ਕਮਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਅਤੇ ਕਾਨੂੰਨ ਅਨੁਸਾਰ ਕੇਸ ਦਰਜ ਕਰਨ ਦਾ ਨਿਰਦੇਸ਼ ਦੇਵੇ। ਦਲੀਲਾਂ ਸੁਣਨ ਤੋਂ ਬਾਅਦ, ਜੱਜ ਨੇ ਪੁਲਸ ਨੂੰ ਇੱਕ ਹਫ਼ਤੇ ਦੇ ਅੰਦਰ ਇਸ ਮਾਮਲੇ 'ਤੇ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਕੁਝ ਸਾਲ ਪਹਿਲਾਂ, ਇੱਕ ਸੈਸ਼ਨ ਕੋਰਟ ਨੇ ਲਾਹੌਰ ਦੀ ਇਤਿਹਾਸਕ ਵਜ਼ੀਰ ਖਾਨ ਮਸਜਿਦ ਵਿਚ ਡਾਂਸ ਵੀਡੀਓ ਸ਼ੂਟ ਕਰਨ ਲਈ ਕਥਿਤ ਬੇਅਦਬੀ ਦੇ ਮਾਮਲੇ ਵਿੱਚ ਕਮਰ ਨੂੰ ਬਰੀ ਕਰ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਸਖ਼ਤ ਆਲੋਚਨਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਾਅਦ, ਕਮਰ ਨੇ ਮੁਆਫ਼ੀ ਮੰਗੀ ਸੀ।
