ਅਦਾਲਤ ਨੇ ਸਾਬਕਾ ਪਾਕਿਸਤਾਨ ਮੰਤਰੀ ਫਵਾਦ ਚੌਧਰੀ ਦੇ ਦੇਸ਼ਧ੍ਰੋਹ ਮਾਮਲੇ ਦੀ ਸੁਣਵਾਈ ਕੀਤੀ ਮੁਲਤਵੀ

06/25/2023 5:15:23 PM

ਇਸਲਾਮਾਬਾਦ - ਇਸਲਾਮਾਬਾਦ ਦੀ ਇਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸ਼ਨੀਵਾਰ ਨੂੰ ਸਾਬਕਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ’ਤੇ ਦੇਸ਼ਧ੍ਰੋਹ ਦੇ ਮਾਮਲੇ ਵਿਚ ਸੁਣਵਾਈ ਮੁਲਤਵੀ ਕਰ ਦਿੱਤੀ। ਜੱਜ ਨੇ ਫਵਾਦ ਚੌਧਰੀ ਦੀ ਛੋਟ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਅਤੇ ਉਸ ਨੂੰ 4 ਜੁਲਾਈ ਨੂੰ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ।

ਅਦਾਲਤ ਦਾ ਫੈਸਲਾ ਪਾਕਿਸਤਾਨ ‘ਤਹਿਰੀਕ-ਏ-ਇਨਸਾਫ’ ਪਾਰਟੀ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਖਾਨ ਦੇ ਸਾਬਕਾ ਸਹਿਯੋਗੀ ਫਵਾਦ ਚੌਧਰੀ ਦੇ ਕਾਰਵਾਈ ਵਿਚ ਹਾਜ਼ਰ ਨਾ ਹੋਣ ਤੋਂ ਬਾਅਦ ਆਇਆ ਹੈ। ਵਧੀਕ ਸੈਸ਼ਨ ਜੱਜ ਤਾਹਿਰ ਅੱਬਾਸ ਸਿਪਰਾ ਨੇ ਸ਼ਨੀਵਾਰ ਨੂੰ ਮੁੜ ਸੁਣਵਾਈ ਸ਼ੁਰੂ ਕੀਤੀ। ਸੁਣਵਾਈ ਦੌਰਾਨ ਫਵਾਦ ਚੌਧਰੀ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਬੀਮਾਰੀ ਕਾਰਨ ਅਦਾਲਤ ’ਚ ਪੇਸ਼ ਨਹੀਂ ਹੋ ਸਕਿਆ ਅਤੇ ਅੱਜ ਦੀ ਸੁਣਵਾਈ ਤੋਂ ਛੋਟ ਮੰਗੀ।

ਫਵਾਦ ਚੌਧਰੀ ਦੇ ਵਕੀਲ ਦੀ ਗੱਲ ਸੁਣਨ ਤੋਂ ਬਾਅਦ ਜੱਜ ਨੇ ਪੁੱਛਿਆ ਕਿ ਕੀ ਸਾਬਕਾ ਮੰਤਰੀ ਹੀਟ ਸਟ੍ਰੋਕ ਦੀ ਲਪੇਟ ’ਚ ਆ ਗਏ ਹਨ। ਇਸ ਤੋਂ ਪਹਿਲਾਂ ਜਨਵਰੀ ਵਿੱਚ, ਇਸਲਾਮਾਬਾਦ ਪੁਲਸ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਮੈਂਬਰਾਂ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਫਵਾਦ ਚੌਧਰੀ ਨੂੰ ਉਸਦੇ ਘਰੋਂ ਗ੍ਰਿਫਤਾਰ ਕੀਤਾ ਸੀ। ਫਵਾਦ ਚੌਧਰੀ ਖਿਲਾਫ ਇਸਲਾਮਾਬਾਦ ਦੇ ਕੋਹਸਰ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਹੈ।


Harinder Kaur

Content Editor

Related News