17 ਸਾਲਾਂ ਤੋਂ ਔਲਾਦ ਲਈ ਤਰਸ ਰਹੇ ਬੇਔਲਾਦ ਜੋੜੇ ਨੂੰ ਮਿਲੇ ਖੁਸ਼ੀਆਂ ਦੇ ਗੱਫੇ, ਇਕੱਠੇ ਹੋਏ 6 ਬੱਚੇ (ਤਸਵੀਰਾਂ)

05/26/2017 5:15:24 PM

ਵਰਜੀਨੀਆ— ਕਹਿੰਦੇ ਹਨ ਰੱਬ ਜਦੋਂ ਵੀ ਦਿੰਦਾ ਹੈ, ਛੱਪੜ ਫਾੜ ਕੇ ਦਿੰਦਾ ਹੈ ਅਤੇ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਅਮਰੀਕਾ ਦੇ ਵਰਜੀਨੀਆ ਵਿਖੇ, ਜਦੋਂ 17 ਸਾਲਾਂ ਤੋਂ ਔਲਾਦ ਲਈ ਤਰਸ ਰਹੇ ਜੋੜੇ ਦੇ ਘਰ ਕਿਲਕਾਰੀਆਂ ਤਾਂ ਗੂੰਜੀਆਂ ਪਰ ਇਕ ਨਹੀਂ ਸਗੋਂ ਛੇ-ਛੇ ਬੱਚਿਆਂ ਦੀਆਂ। ਵਰਜੀਨੀਆ ਦੇ ਵੀ. ਸੀ. ਯੂ. ਮੈਡੀਕਲ ਸੈਂਟਰ ਵਿਖੇ ਨਾਈਜੀਰੀਆ ਦੀ ਅਜੀਬੋਲਾ ਤਾਈਵੋ ਨੇ 3 ਕੁੜੀਆਂ ਅਤੇ 3 ਮੁੰੰਡਿਆਂ ਨੂੰ ਜਨਮ ਦਿੱਤਾ। ਬੱਚਿਆਂ ਦਾ ਭਾਰ 1 ਪੌਂਡ ਤੋਂ ਲੈ ਕੇ 2 ਪੌਂਡ ਦੀ ਰੇਂਜ ਵਿਚ ਹੈ। ਅਜੀਬੋਲਾ ਅਤੇ ਉਸ ਦੇ ਪਤੀ ਅਦੇਬੋਏ ਤਾਇਵੋ ਨੂੰ ਜਦੋਂ ਨਵੰਬਰ ਵਿਚ ਪਤਾ ਲੱਗਾ ਕਿ ਉਹ ਇਕ ਨਹੀਂ ਸਗੋਂ ਇਕ ਤੋਂ ਜ਼ਿਆਦਾ ਬੱਚਿਆਂ ਦੇ ਮਾਤਾ-ਪਿਤਾ ਬਣਨ ਵਾਲੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਉਸ ਸਮੇਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਹ 4 ਬੱਚਿਆਂ ਦੇ ਮਾਤਾ-ਪਿਤਾ ਬਣਨ ਵਾਲੇ ਹਨ ਪਰ ਬਾਅਦ ਵਿਚ ਜਨਵਰੀ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਅਜੀਬੋਲਾ ਦੋ ਹੋਰ ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ ਤਾਂ ਤਾਈਵੋ ਜੋੜੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਪਰ ਉਨ੍ਹਾਂ ਨੂੰ ਅਜੇ ਵੀ ਡਰ ਸੀ ਕਿ ਸਭ ਕੁਝ ਠੀਕ-ਠਾਕ ਹੋ ਜਾਵੇ। ਜਣੇਪੇ ਸਮੇਂ ਖਤਰੇ ਨੂੰ ਦੇਖਦੇ ਹੋਏ 40 ਡਾਕਟਰਾਂ ਅਤੇ ਨਰਸਾਂ ਦੀ ਟੀਮ ਨੇ ਇਸ ਖਤਰਨਾਕ ਸਰਜਰੀ ਨੂੰ ਅੰਜਾਮ ਦਿੱਤਾ। ਅਜੀਬੋਲਾ ਨੂੰ ਬੀਤੇ ਹਫਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦੋਂ ਕਿ ਉਸ ਦੇ ਛੇ ਬੱਚਿਆਂ ਨੂੰ ਅਜੇ ਵੀ ਹਸਪਤਾਲ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ।


Kulvinder Mahi

News Editor

Related News