ਕੋਵਿਡ -19 : ਬ੍ਰਿਟੇਨ 'ਚ 6 ਲੋਕਾਂ ਦੀ ਮੌਤ, ਸਿਹਤ ਮੰਤਰੀ ਵੀ ਆਈ ਲਪੇਟ 'ਚ

03/11/2020 10:15:39 AM

ਲੰਡਨ— ਪੂਰੀ ਦੁਨੀਆ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨੇ ਬ੍ਰਿਟੇਨ 'ਚ ਵੀ ਪੈਰ ਪਸਾਰ ਲਏ ਹਨ। ਬ੍ਰਿਟਿਸ਼ ਸੰਸਦ ਮੈਂਬਰ ਅਤੇ ਸਿਹਤ ਮੰਤਰੀ ਨਦੀਨ ਡਾਰਿਸ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਨਦੀਨ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ,''ਮੇਰਾ ਕੋਰੋਨਾ ਟੈੱਸਟ ਪੋਜ਼ੀਟਿਵ ਆਇਆ ਹੈ ਅਤੇ ਮੈਨੂੰ ਘਰ 'ਚ ਇਕੱਲੀ ਰੱਖਿਆ ਗਿਆ ਹੈ।'' ਸਿਹਤ ਵਿਭਾਗ ਦੇ ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਇਸ ਦੀ ਲਪੇਟ 'ਚ ਕਿਵੇਂ ਆ ਗਈ।

ਕੋਰੋਨਾ ਨਾਲ ਲੜਨ ਲਈ ਕਾਨੂੰਨੀ ਪ੍ਰਬੰਧਾਂ ਨੂੰ ਤਿਆਰ ਕਰਨ 'ਚ ਮਦਦ ਕਰਨ ਵਾਲੀ ਨਦੀਨ ਡੋਰਿਸ ਬ੍ਰਿਟੇਨ ਦੀ ਪਹਿਲੀ ਸਿਆਸੀ ਵਿਅਕਤੀ ਹੈ, ਜਿਸ ਨੂੰ ਕੋਰੋਨਾ ਵਾਇਰਸ ਹੋਇਆ ਹੈ। ਇਸ ਦੇ ਨਾਲ ਹੀ ਇਹ ਚਿੰਤਾ ਵੀ ਵਧ ਗਈ ਹੈ ਕਿ ਇਸ ਦੌਰਾਨ ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ, ਉਨ੍ਹਾਂ ਨੂੰ ਵੀ ਕੋਰੋਨਾ ਤਾਂ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਕਿ ਉਹ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਣੇ ਸੈਂਕੜੇ ਲੋਕਾਂ ਦੇ ਸੰਪਰਕ 'ਚ ਆਈ ਸੀ। ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ 'ਚ ਹੁਣ ਤਕ 337 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ ਤੇ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News