ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਨਿਊਜ਼ੀਲੈਂਡ ਦੀ ''ਸੁਪਰੀਮ ਸਿੱਖ ਸੋਸਾਇਟੀ''
Monday, Apr 13, 2020 - 01:53 PM (IST)

ਆਕਲੈਂਡ, (ਜੁਗਰਾਜ ਸਿੰਘ ਮਾਨ)- ਨਿਊਜ਼ੀਲੈਂਡ ਵਿਚ ਸਿੱਖਾਂ ਦੀ ਸਭ ਤੋਂ ਵੱਡੀ ਗੁਰਦੁਆਰਾ ਪ੍ਰਬੰਧਕ ਸੰਸਥਾ 'ਸੁਪਰੀਮ ਸਿੱਖ ਸੋਸਾਇਟੀ' ਗੁਰਦੁਆਰਾ ਸਾਹਿਬ ਸ੍ਰੀ ਕਲਗੀਧਰ ਟਾਕਾਨੀਨੀ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਨੂੰ ਭੋਜਨ ਸਮੱਗਰੀ ਵੰਡਣ ‘ਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਤਹਿਤ 10 ਅਪ੍ਰੈਲ ਤੱਕ 1100 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਜਾ ਚੁੱਕਾ ਹੈ ਅਤੇ ਅਗਲੇ ਪੜਾਅ ਤਹਿਤ ਸੋਮਵਾਰ ਨੂੰ ਸ਼ਾਮੀਂ 4 ਵਜੇ ਤੋਂ 6 ਵਜੇ ਤੱਕ ਲੋੜਵੰਦਾਂ ਨੂੰ ਸੁੱਕੇ ਰਾਸ਼ਨ ਦੇ ਬੈਗ ਵੰਡੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰੀਮ ਸਿੱਖ ਸੋਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਇਸ ਬਿਪਤਾ ਵੇਲੇ ਸੁੱਕੇ ਰਾਸ਼ਨ ਦੀ ਵੰਡ 70 ਟਾਕਨੀਨੀ ਸਕੂਲ ਰੋਡ, ਟਾਕਨੀਨੀ (ਆਕਲੈਂਡ) ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਿਪਤਾ ਦੀ ਘੜੀ ਵਿਚ ਸੁਪਰੀਮ ਸਿੱਖ ਸੁਸਾਇਟੀ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਬਿਨਾਂ ਕਿਸੇ ਧਰਮ, ਜਾਤ ਜਾਂ ਨਸਲ ਦੇ ਵਿਤਕਰੇ ਤੋਂ ਲੋੜਵੰਦਾਂ ਦੀ ਸਹਾਇਤਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾਵੇਗਾ। ਇਸ ਦੌਰਾਨ ਰਾਸ਼ਨ ਲੈਣ ਆਉਣ ਵਾਲੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਵੀ ਕਰਨੀ ਪਵੇਗੀ। ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 1 ‘ਤੇ ਹਰੇਕ ਨੂੰ ਉਸ ਦੀ ਵਾਰੀ ਮੁਤਾਬਕ ਰਾਸ਼ਨ ਬੈਗ ਦਿੱਤਾ ਜਾਵੇਗਾ। ਆਪਣੀ ਵਾਰੀ ਆਉਣ ਤੱਕ ਸਾਰਿਆਂ ਨੂੰ ਆਪਣੀ-ਆਪਣੀ ਕਾਰ ਵਿਚ ਬੈਠੇ ਰਹਿਣਾ ਚਾਹੀਦਾ ਹੈ।
ਇਸੇ ਤਰ੍ਹਾਂ ਦਲਜੀਤ ਸਿੰਘ ਨਿਊਜ਼ੀਲੈਂਡ ਵਾਲਿਆਂ ਦੇ ਵੱਡੇ ਉਪਰਾਲੇ ਸਦਕਾ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਪੰਜਾਬ ਦੇ ਪਿੰਡ ਸੈਫਲਾਬਾਦ ਕਪੂਰਥਲਾ ਨੇੜਲੇ ਪਿੰਡਾਂ ਨੇੜੇ ਰਹਿਣ ਵਾਲੇ ਗੁੱਜਰ ਮੁਸਲਿਮ ਪਰਿਵਾਰਾਂ ਲਈ ਵੀ ਰਾਸ਼ਨ ਦੀ ਮਦਦ ਭੇਜੀ ਹੈ ਅਤੇ ਪ੍ਰਸਿੱਧ ਕਬੱਡੀ ਕੁਮੈਂਟੇਟਰ ਜਨਾਬ ਮੱਖਣ ਅਲੀ ਰਾਹੀਂ ਇਹ ਸੇਵਾ ਲੋੜਵੰਦ ਗ਼ਰੀਬ ਪਰਿਵਾਰਾਂ ਨੂੰ ਤਕਸੀਮ ਕੀਤੀ ਗਈ।