ਇਟਲੀ ''ਚ ਕੋਰੋਨਾ ਕਾਰਨ 27 ਹਜ਼ਾਰ ਮੌਤਾਂ, ਵਿਸ਼ਵ ''ਚ 30 ਲੱਖ ਤੋਂ ਵੱਧ ਲੋਕ ਇਨਫੈਕਟਡ

Tuesday, Apr 28, 2020 - 07:30 AM (IST)

ਰੋਮ- ਵਿਸ਼ਵ ਭਰ ਵਿਚ ਕੋਰੋਨਾ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਲਗਭਗ 30 ਲੱਖ (30,37,605) ਤੋਂ ਪਾਰ ਹੋ ਗਈ ਹੈ ਤੇ ਹੁਣ ਤੱਕ 2,10,842 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿਚ ਲਗਭਗ 27 ਹਜ਼ਾਰ (26,977) ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,99,414 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਪੂਰੇ ਵਿਸ਼ਵ ਵਿਚ ਕੋਰੋਨਾ ਕਾਰਨ ਅਮਰੀਕਾ ਦੇ ਬਾਅਦ ਇਟਲੀ ਵਿਚ ਹੀ ਮੌਤਾਂ ਹੋਈਆਂ ਹਨ।

ਇਟਲੀ ਦੇ ਨਾਗਰਿਕ ਸੁਰੱਖਿਆ ਵਿਭਾਗ ਦੇ ਮੁਖੀ ਏਂਜੋਲੇ ਬੋਰੇਲੀ ਨੇ ਸੋਮਵਾਰ ਨੂੰ ਟੈਲੀਵਿਜ਼ਨ 'ਤੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ ਕੋਰੋਨਾ ਕਾਰਨ 333 ਲੋਕਾਂ ਦੀ ਮੌਤ ਹੋਈ ਹੈ। ਬੋਰੇਲੀ ਮੁਤਾਬਕ ਸੋਮਵਾਰ ਨੂੰ ਇਟਲੀ ਵਿਚ ਕੋਰੋਨਾ ਵਾਇਰਸ ਦੇ 1 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਕਾਰਨ ਹੁਣ ਤੱਕ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1,99,414 ਹੋ ਗਈ ਹੈ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ ਜਾਂ ਉਹ ਠੀਕ ਹੋ ਚੁੱਕੇ ਹਨ।

ਇਟਲੀ ਵਿਚ ਹੁਣ ਤੱਕ ਕੋਰੋਨਾ ਦੇ 64,928 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਟਲੀ ਨੇ 10 ਮਾਰਚ ਤੋਂ ਲਾਗੂ ਲਾਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਹੈ ਪਰ ਇਸ ਵਿਚਕਾਰ ਕੁਝ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਇਟਲੀ ਵਿਚ ਕੋਰੋਨਾ ਦਾ ਪਹਿਲਾ ਮਾਮਲਾ 21 ਫਰਵਰੀ ਨੂੰ ਸਾਹਮਣੇ ਆਇਆ ਸੀ। ਇਟਲੀ ਦਾ ਲੋਂਬਾਰਡੀ ਸੂਬਾ ਇਸ ਮਹਾਮਾਰੀ ਕਾਰਨ ਸਭ ਤੋਂ ਵੱਧ ਗੰਭੀਰ ਰੂਪ ਨਾਲ ਪ੍ਰਭਾਵਿਤ ਹੈ। ਇਟਲੀ ਵਿਚ 4 ਮਈ ਤੋਂ ਲਾਕਡਾਊਨ ਵਿਚ ਢਿੱਲ ਦਿੱਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। 


Lalita Mam

Content Editor

Related News