ਕੋਰੋਨਾ ਦੇ ਚੱਲਦੇ ਦੁਕਾਨਾਂ ਬਾਹਰ ਲੱਗ ਰਹੀਆਂ ''ਭੰਗ'' ਖਰੀਦਣ ਲਈ ਲੰਬੀਆਂ ਲਾਈਨਾਂ
Monday, Mar 16, 2020 - 09:29 PM (IST)
ਅਲਕਮਾਰ - ਕੋਰੋਨਾਵਾਇਰਸ ਨੇ ਪੂਰੀ ਦੁਨੀਆ ਭਰ ਵਿਚ ਕਹਿਰ ਮਚਾ ਦਿੱਤਾ ਹੈ ਤਾਂ ਵੱਖ-ਵੱਖ ਦੇਸ਼ਾਂ ਵਿਚ ਇਸ ਦੀ ਪ੍ਰਤੀਕਿਰਿਆ ਵੀ ਅਲੱਗ ਤਰੀਕੇ ਨਾਲ ਸਾਹਮਣੇ ਆ ਰਹੀ ਹੈ। ਇਕ ਪਾਸੇ ਜਿਥੇ ਇਟਲੀ ਵਿਚ ਲੋਕ ਜੇਕਰ ਆਪਣੇ ਘਰਾਂ ਵਿਚ ਬੰਦ ਹੋ ਕੇ ਗਾਣਾ ਗਾ ਰਹੇ ਹਨ। ਉਥੇ ਯੂਰਪ ਦੇ ਦੇਸ਼ ਨੀਦਰਲੈਂਡ ਵਿਚ ਅਜੀਬ ਜਿਹੀ ਸਥਿਤੀ ਹੈ। ਉਥੇ ਲੋਕ ਕੈਨਬਿਸ (ਭੰਗ) ਦੀਆਂ ਦੁਕਾਨਾਂ ਅੱਗੇ ਲੰਬੀਆਂ ਕਤਾਰਾਂ ਲਗਾ ਕੇ ਖਡ਼੍ਹੇ ਹਨ। ਨੀਦਰਲੈਂਡ ਵਿਚ ਕੈਨਬਿਸ ਦੀਆਂ ਦੁਕਾਨਾਂ ਨੂੰ 'ਕੌਫੀ ਸ਼ਾਪ' ਆਖਦੇ ਹਨ। ਇਨ੍ਹਾਂ ਦੁਕਾਨਾਂ ਵਿਚ ਖੁਲ੍ਹੇਆਮ ਕੈਬਨਿਸ ਵਿੱਕਦੀ ਹੈ। ਇਥੇ ਸੀਮਤ ਮਾਤਰਾ ਵਿਚ ਭੰਗ ਖਰੀਦਣਾ ਕਾਨੂੰਨੀ ਹੈ। ਇਥੇ ਪਿਛਲੇ ਕਈ ਦਿਨਾਂ ਤੋਂ ਸ਼ਾਮ ਨੂੰ ਇਨ੍ਹਾਂ ਦੁਕਾਨਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ।
ਨੀਦਰਲੈਂਡ ਵਿਚ ਕੋਰੋਨਾਵਾਇਰਸ
ਨੀਦਰਲੈਂਡਸ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ 1400 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਅਤੇ 23 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਗਿਣਤੀ ਅਜੇ ਘੱਟ ਨਹੀਂ ਹੋ ਰਹੀ ਹੈ। ਦੱਸ ਦਈਏ ਕਿ ਚੀਨ ਤੋਂ ਫੈਲੇ ਇਸ ਵਾਇਰਸ ਦਾ ਕੇਂਦਰ ਹੁਣ ਯੂਰਪ ਬਣ ਗਿਆ ਹੈ, ਜਿਸ ਨਾਲ ਇਟਲੀ ਵਿਚ ਹੁਣ ਤੱਕ ਇਸ ਨਾਲ ਕਰੀਬ 1800 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੈਨਬਿਸ ਦੀਆਂ ਦੁਕਾਨਾਂ ਅੱਗੇ ਭੀਡ਼ ਕਿਉਂ
ਦਰਅਸਲ, ਕੋਰੋਨਾਵਾਇਰਸ ਦੇ ਚੱਲਦੇ ਇਥੇ ਵੀ ਥਾਂ-ਥਾਂ ਬਜ਼ਾਰ, ਮਾਲ, ਸਕੂਲ-ਕਾਲਜ ਅਤੇ ਦਫਤਰ ਬੰਦ ਹੋ ਰਹੇ ਹਨ। ਸਰਕਾਰ ਨੇ ਸਾਰੇ ਰੈਸਤਰਾਂ, ਬਾਰ ਅਤੇ ਕਾਫੀ ਸ਼ਾਪ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ ਵਿਚ ਕੈਨਬਿਸ ਦੇ ਸ਼ੌਕੀਨ ਇਸ ਦਾ ਭਰਪੂਰ ਸਟਾਕ ਜਮਾ ਕਰਨ ਲਈ ਇਨ੍ਹਾਂ ਦੁਕਾਨਾਂ ਅੱਗੇ ਲੰਬੀਆਂ-ਲੰਬੀਆਂ ਲਾਈਨਾਂ ਖਡ਼੍ਹੇ ਦਿੱਖ ਰਹੇ ਹਨ।
ਫਰਾਂਸ ਦੀ ਵੈੱਬਸਾਈਟ France24 ਮੁਤਾਬਕ ਨੀਦਰਲੈਂਡਸ ਵਿਚ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਕੋਰੋਨਾਵਾਇਰਸ ਦੇ ਚੱਲਦੇ ਪਾਬੰਦੀ ਲੰਬੇ ਸਮੇਂ ਤੱਕ ਲੱਗੀ ਰਹਿ ਸਕਦੀ ਹੈ। 'ਦਿ ਹੇਗ' ਵਿਚ ਕੈਨਬਿਸ ਖਰੀਦਣ ਵਾਲੇ ਇਕ ਵਿਅਕਤੀ ਨੇ ਨਿਊਜ਼ ਏਜੰਸੀ ਏ. ਐਫ. ਪੀ. ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਹੋ ਸਕਦਾ ਹੈ ਕਿ ਅਗਲੇ 2 ਮਹੀਨਿਆਂ ਤੱਕ ਅਸੀਂ ਇਸ ਨੂੰ ਨਾ ਖਰੀਦ ਪਾਈਏ, ਇਸ ਲਈ ਚੰਗਾ ਹੋਵੇਗਾ ਕਿ ਇਸ ਨੂੰ ਲੋਡ਼ ਮੁਤਾਬਕ ਖਰੀਦ ਕੇ ਰੱਖ ਲਿਆ ਜਾਵੇ।
ਸਿਹਤ ਮੰਤਰਾਲੇ ਦਾ ਐਲਾਨ
ਨੀਦਰਲੈਂਡਸ ਦੇ ਸਿਹਤ ਮੰਤਰਾਲੇ ਦੇ ਐਲਾਨ ਤੋਂ ਤੁਰੰਤ ਬਾਅਦ ਦੇਸ਼ ਭਰ ਵਿਚ ਕੌਫੀ ਸ਼ਾਪ ਦੇ ਬਾਹਰ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਨੀਦਰਲੈਂਡਸ ਦੀ ਸੁਪਰ ਮਾਰਕਿਟ ਵਿਚ ਵੀ ਖਰੀਦਦਾਰੀ ਲਈ ਭੀਡ਼ ਦੇਖੀ ਜਾ ਰਹੀ ਹੈ। ਸਾਬਣ, ਹੈਂਡ ਸੈਨੇਟਾਇਜ਼ਰ ਜਿਹੀਆਂ ਚੀਜ਼ਾਂ ਤਾਂ ਪਹਿਲਾਂ ਹੀ ਖਤਮ ਹੋ ਗਈਆਂ ਸਨ। ਲੋਕ ਜ਼ਿਆਦਾ ਗਿਣਤੀ ਵਿਚ ਟਾਇਲਟ ਪੇਪਰ ਅਤੇ ਪਾਸਤਾ ਖਰੀਦ ਰਹੇ ਹਨ।
ਜਰਮਨੀ ਅਤੇ ਯੂਰਪ ਦੇ ਦੂਜੇ ਦੇਸ਼ਾਂ ਵਿਚ ਵੀ ਅਜਿਹਾ ਹੈ ਨਜ਼ਾਰਾ
ਜਰਮਨੀ ਵਿਚ ਵੀ ਸ਼ੁੱਕਰਵਾਰ ਨੂੰ ਸਾਰੇ ਸਕੂਲਾਂ ਨੂੰ 5 ਹਫਤਿਆਂ ਲਈ ਬੰਦ ਕਰਨ ਦੀ ਖਬਰ ਤੋਂ ਬਾਅਦ ਬਜ਼ਾਰਾਂ ਵਿਚ ਅਜਿਹਾ ਹੀ ਨਜ਼ਾਰਾ ਦਿੱਖਿਆ। ਲੋਕ ਕੋਰੋਨਾਵਾਇਰਸ ਨੂੰ ਲੈ ਕੇ ਕਾਫੀ ਡਰੇ ਹੋਏ ਹਨ। ਜਰਮਨੀ ਵਿਚ ਕਰੀਬ 6 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ 13 ਦੀ ਮੌਤ ਹੋ ਚੁੱਕੀ ਹੈ।