ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਕਾਰਨ ਹੈ ਮੀਟ ਪ੍ਰੋਸੈਸਿੰਗ ਪਲਾਂਟ

Monday, May 04, 2020 - 11:43 AM (IST)

ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਕਾਰਨ ਹੈ ਮੀਟ ਪ੍ਰੋਸੈਸਿੰਗ ਪਲਾਂਟ

ਸਿਡਨੀ- ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਕਾਰਨ ਵਿਕਟੋਰੀਆ ਸੂਬੇ ਦੇ ਇਕ ਮੀਟ ਪ੍ਰੋਸੈਸਿੰਗ ਪਲਾਂਟ ਨੂੰ ਮੰਨਿਆ ਜਾ ਰਿਹਾ ਹੈ। ਮੀਟ ਪ੍ਰੋਸੈਸਿੰਗ ਪਲਾਂਟ ਤੋਂ ਭਾਵ ਜਿੱਥੇ ਜਾਨਵਰਾਂ ਦੇ ਮਾਸ ਨੂੰ ਕੱਟਿਆ ਅਤੇ ਪੈਕ ਕਰਕੇ ਸਪਲਾਈ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇੱਥੇ ਮਾਮਲੇ ਵਧੇ ਹਨ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਰੋਨਾ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਵਿੱਚੋਂ 19 ਸੰਕਰਮਿਤ ਲੋਕ ਮੀਟ ਪ੍ਰੋਸੈਸਿੰਗ ਪਲਾਂਟ ਦੇ ਕਰਮਚਾਰੀ ਹਨ। 

ਇਸ ਤੋਂ ਪਹਿਲਾਂ ਇਸ ਪਲਾਂਟ ਵਿਚ 15 ਲੋਕਾਂ ਦੇ ਇਨਫੈਕਟਡ ਹੋਣ ਦੇ ਮਾਮਲੇ ਸਾਹਮਣੇ ਆਏ ਸਨ, ਇਨ੍ਹਾਂ ਵਿਚੋਂ ਬਹੁਤੇ ਲੋਕ ਨਾ ਦੇ ਬਰਾਬਰ ਹੀ ਇਨਫੈਕਟਡ ਹਨ। ਇਸੇ ਕਾਰਨ ਇੱਥੇ ਵੱਡੇ ਪੱਧਰ 'ਤੇ ਟੈਸਟ ਕੀਤੇ ਗਏ ਹਨ। ਐਤਵਾਰ ਨੂੰ ਵਿਕਟੋਰੀਆ ਵਿੱਚ ਕੋਰੋਨਾ ਸੰਕਰਮਣਾਂ ਦੀ ਗਿਣਤੀ ਵਿੱਚ ਵਾਧੇ ਦੇ ਮੱਦੇਨਜ਼ਰ 13,000 ਲੋਕਾਂ ਦਾ ਟੈਸਟ ਕੀਤਾ ਗਿਆ। ਸੂਬੇ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 1,406 ਹੋ ਗਈ ਹੈ। ਪੂਰੇ ਆਸਟ੍ਰੇਲੀਆ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 6,823 ਹੋ ਚੁੱਕੀ ਹੈ ਅਤੇ ਦੇਸ਼ ਵਿਚ 96 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 35,07,265 ਹੈ ਅਤੇ ਹੁਣ ਤੱਕ 2,47,491 ਲੋਕਾਂ ਦੀ ਮੌਤ ਹੋ ਚੁੱਕੀ ਹੈ। 


author

Lalita Mam

Content Editor

Related News