ਮਰੀਜ਼ ਦੀਆਂ ਅੱਖਾਂ ਤੋਂ ਕਈ ਹਫਤਿਆਂ ਬਾਅਦ ਵੀ ਫੈਲ ਸਕਦੈ ਕੋਰੋਨਾ ਵਾਇਰਸ
Sunday, Apr 26, 2020 - 04:03 PM (IST)
 
            
            ਮਿਲਾਨ- ਇਕ ਸਟੱਡੀ ਤੋਂ ਪਤਾ ਲੱਗਿਆ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀਆਂ ਅੱਖਾਂ ਤੋਂ ਕਈ ਹਫਤਿਆਂ ਤੱਕ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਜਾਂਚ ਦੌਰਾਨ ਇਨਫੈਕਸ਼ਨ ਦੇ ਤਕਰੀਬਨ 21 ਦਿਨ ਬਾਅਦ ਵੀ ਇਕ ਮਹਿਲਾ ਦੀਆਂ ਗੁਲਾਬੀ ਅੱਖਾਂ ਵਿਚ ਵਾਇਰਸ ਮਿਲਿਆ ਹੈ।

ਇਸ ਤੋਂ ਪਹਿਲਾਂ ਮਾਰਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਕੋਰੋਨਾ ਪੀੜਤ ਲੋਕਾਂ ਦੀਆਂ ਅੱਖਾਂ ਲਾਲ ਜਾਂ ਗੁਲਾਬੀ ਹੋ ਸਕਦੀਆਂ ਹਨ। ਕੁਝ ਹੋਰ ਅਧਿਐਨਾਂ ਮੁਤਾਬਕ ਕੋਰੋਨਾ ਨਾਲ ਇਨਫੈਕਟਡ ਹੋਣ ਵਾਲੇ ਕੁਝ ਲੋਕਾਂ ਦੀਆਂ ਅੱਖਾਂ ਦੇ ਰੰਗ ਬਦਲਦੇ ਹਨ ਜਾਂ ਕੰਜਕਟਿਵਾਈਟਿਸ ਦੇ ਸ਼ਿਕਾਰ ਹੁੰਦੇ ਹਨ। ਅਜਿਹੇ ਵਿਚ ਲੋਕਾਂ ਦਾ ਅੰਕੜਾ ਕੁੱਲ ਪੀੜਤਾਂ ਵਿਚ ਇਕ ਫੀਸਦੀ ਜਾਂ ਇਸ ਤੋਂ ਵੀ ਘੱਟ ਹੀ ਮੰਨਿਆ ਜਾ ਰਿਹਾ ਹੈ। ਇਟਲੀ ਦੇ ਨੈਸ਼ਨਲ ਇੰਸਟੀਚਿਊਟ ਫਾਰ ਇੰਫੈਕਸ਼ਨ ਡਿਜ਼ੀਸ ਦੇ ਖੋਜਕਾਰਾਂ ਨੇ ਇਸ ਵਿਸ਼ੇ 'ਤੇ ਅਧਿਐਨ ਕੀਤਾ ਹੈ। ਉਹਨਾਂ ਨੂੰ ਇਨਫੈਕਸ਼ਨ ਦੇ ਤਕਰੀਬਨ 21 ਦਿਨ ਬਾਅਦ ਵੀ 65 ਸਾਲ ਦੀ ਮਹਿਲਾ ਦੀਆਂ ਅੱਖਾਂ ਵਿਚ ਵਾਇਰਸ ਮਿਲਿਆ। ਇਸ ਸਟੱਡੀ ਨੂੰ Annals of Internal Medicine ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਆਮ ਕਰਕੇ ਕੋਰੋਨਾ ਵਾਇਰਸ ਇਕ ਵਿਅਕਤੀ ਦੇ ਛਿੱਕਣ ਜਾਂ ਖੰਘਣ ਨਾਲ ਹੀ ਦੂਜੇ ਵਿਅਕਤੀ ਵਿਚ ਫੈਲਦਾ ਹੈ ਪਰ ਨਵੀਂ ਸਟੱਡੀ ਤੋਂ ਪਤਾ ਲੱਗਿਆ ਹੈ ਕਿ ਅੱਖਾਂ ਦੇ ਅੰਦਰੋਂ ਵੀ ਖਤਰਾ ਹੋ ਸਕਦਾ ਹੈ। ਜੇਕਰ ਕੋਈ ਵਿਆਕਤੀ ਖੁਦ ਦੀਆਂ ਅੱਖਾਂ ਨੂੰ ਛੋਹੰਦਾ ਹੈ ਤਾਂ ਉਸ ਦੇ ਹੱਥ ਨਾਲ ਵੀ ਵਾਇਰਸ ਇਨਫੈਕਸ਼ਨ ਫੈਲ ਸਕਦਾ ਹੈ। ਕਈ ਤਰ੍ਹਾਂ ਦੇ ਬੈਕਟੀਰੀਆ ਤੇ ਵਾਇਰਸ ਦੇ ਕਾਰਣ ਲੋਕਾਂ ਨੂੰ ਕੰਜਕਟਿਵਾਈਟਿਸ ਦੀ ਦਿੱਕਤ ਹੁੰਦੀ ਹੈ। ਕਈ ਵਾਰ ਇਸ ਦੇ ਨਾਲ-ਨਾਲ ਸਾਹ ਦੀ ਤਕਲੀਫ ਵੀ ਸ਼ੁਰੂ ਹੋ ਜਾਂਦੀ ਹੈ।

ਅਮਰੀਕਾ ਵਿਚ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਦੋਂ ਮਰੀਜ਼ ਵਿਚ ਕੋਰੋਨਾ ਵਾਇਰਸ ਦਾ ਹੋਰ ਕੋਈ ਲੱਛਣ ਨਹੀਂ ਦਿਖ ਰਿਹਾ ਸੀ ਸਿਵਾਏ ਅੱਖਾਂ ਦੇ ਗੁਲਾਬੀ ਹੋਣ ਦੇ। ਖੋਜਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਕੋਰੋਨਾ ਨਾਲ ਪੀੜਤ ਵਿਅਕਤੀ ਦੀਆਂ ਅੱਖਾਂ ਦੇ ਫਲੂਡ ਵਿਚ ਵਾਇਰਸ ਆਪਣੀ ਨਕਲ ਤਿਆਰ ਕਰਨ ਲੱਗਦਾ ਹੈ। ਇਸ ਦੇ ਕਾਰਣ ਮਰੀਜ਼ ਦੇ ਹੰਝੂਆਂ ਨਾਲ ਵੀ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            