ਫਰਿਜ਼ਨੋ ਦੇ ਫੋਸਟਰ ਪੋਲਟਰੀ ਫਾਰਮ ''ਚ ਕੋਰੋਨਾ ਦੇ ਕਾਰਨ ਕਰਮਚਾਰੀ ਦੀ ਮੌਤ

01/01/2021 1:11:49 PM

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਕਾਉਂਟੀ ਵਿਚ ਇਕ ਪੋਲਟਰੀ ਫਾਰਮ ਦੇ ਕਾਮੇ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਮੌਤ ਹੋ ਗਈ ਹੈ।ਕੈਲੀਫੋਰਨੀਆਂ ਆਕੂਪੇਸ਼ਨਲ ਸੇਫਟੀ ਐਂਡ ਹੈਲਥ (ਕੈਲ/ਓ.ਐੱਸ.ਐੱਚ.ਏ.) ਦੇ ਬੁਲਾਰੇ ਫਰੈਂਕ ਪੋਲੀਜ਼ੀ ਅਨੁਸਾਰ ਦੱਖਣੀ ਫਰਿਜ਼ਨੋ "ਚ ਚੈਰੀ ਐਵੇਨਿਊ ਫੋਸਟਰ ਫਾਰਮ ਦੇ ਪੋਲਟਰੀ ਪਲਾਂਟ ਵਿਚ ਇਸ ਮਹੀਨੇ 193 ਵਰਕਰਾਂ ਵਿਚਕਾਰ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ, ਇਕ ਕਰਮਚਾਰੀ ਦੀ 28 ਦਸੰਬਰ ਨੂੰ ਵਾਇਰਸ ਨਾਲ ਸਬੰਧਤ ਪੇਚੀਦਗੀਆਂ ਕਾਰਨ ਮੌਤ ਹੋ ਗਈ ਹੈ।

ਇਸ ਦੇ ਇਲਾਵਾ ਫੋਸਟਰ ਫਾਰਮਾਂ ਦੇ ਸੰਚਾਰ ਵਿਭਾਗ ਦੀ ਉਪ ਪ੍ਰਧਾਨ ਈਰਾ ਬ੍ਰਿਲ ਨੇ ਵੀ ਇਸ ਮੌਤ ਸੰਬੰਧੀ ਪੁਸ਼ਟੀ ਕਰਦਿਆਂ ਦੁੱਖ ਪ੍ਰਗਟ ਕੀਤਾ ਹੈ।ਇਸ ਸਾਲ ਮਹਾਮਾਰੀ ਦੌਰਾਨ 21 ਸਤੰਬਰ ਅਤੇ 25 ਨਵੰਬਰ ਨੂੰ ਵੀ ਚੈਰੀ ਐਵੀਨਿਊ ਪਲਾਂਟ ਵਿਚ ਕੋਰੋਨਾਂ ਵਾਇਰਸ ਕਾਰਨ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ।


ਜਿਕਰਯੋਗ ਹੈ ਕਿ 1,400 ਕਾਮਿਆਂ ਦੇ ਇਸ ਚੈਰੀ ਐਵੀਨਿਊ ਪਲਾਂਟ ਵਿਚ 4 ਦਸੰਬਰ ਨੂੰ 193 ਵਰਕਰਾਂ ਦਰਮਿਆਨ ਕੋਰੋਨਾ ਵਾਇਰਸ ਫੈਲਣ ਦੀ ਪੁਸ਼ਟੀ ਕੀਤੀ ਗਈ ਸੀ ਜੋ ਕਿ ਫਰਿਜ਼ਨੋ ਕਾਉਂਟੀ ਵਿਚ ਕਿਸੇ ਕੰਮ ਕਰਨ ਵਾਲੀ ਜਗ੍ਹਾ ਤੇ ਵਾਇਰਸ ਦਾ ਸਭ ਤੋਂ ਵੱਡਾ ਪ੍ਰਕੋਪ ਮੰਨਿਆ ਜਾਂਦਾ ਹੈ। ਹਾਲਾਂਕਿ ਬ੍ਰਿਲ ਨੇ ਕਿਹਾ ਕਿ 23 ਦਸੰਬਰ ਤੋਂ ਤਾਜ਼ਾ ਟੈਸਟਿੰਗ ਨਤੀਜਿਆਂ ਅਨੁਸਾਰ, ਚੈਰੀ ਐਵੇਨਿਊ ਪਲਾਂਟ ਵਿਚ 0% ਕਰਮਚਾਰੀਆਂ ਨੇ ਕੋਰੋਨਾਂ ਲਈ ਸਕਾਰਾਤਮਕ ਟੈਸਟ ਕੀਤਾ ਸੀ।

ਪਲਾਂਟ ਵਿਚ ਫੈਲੇ ਵਾਇਰਸ ਦੇ ਪ੍ਰਕੋਪ ਸੰਬੰਧੀ ਜਕਾਰਾ ਅੰਦੋਲਨ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਫੋਸਟਰ ਫਾਰਮਜ਼ ਕਰਮਚਾਰੀਆਂ ਦੇ ਵਕੀਲ ਦੀਪ ਸਿੰਘ ਨੇ ਇਸ ਮੌਤ ਨੂੰ ਪਲਾਂਟ ਵਿੱਚ ਕਾਮਿਆਂ ਦੀ ਸੁਰੱਖਿਆ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਇੰਨਾ ਹੀ ਨਹੀਂ ਫੋਸਟਰ ਫਾਰਮਜ਼ ਆਪਣੇ ਪਲਾਂਟਾਂ ਵਿੱਚ ਵਰਕਰਾਂ ਦੀ ਸੁਰੱਖਿਆ ਸੰਬੰਧੀ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਸੰਬੰਧ ਵਿਚ ਮੁਕੱਦਮੇ ਦਾ ਸਾਹਮਣਾ ਵੀ ਕਰ ਰਿਹਾ ਹੈ ਜਿਸਦੀ 29 ਜਨਵਰੀ ਨੂੰ ਅਦਾਲਤ ਵਿਚ ਸੁਣਵਾਈ ਹੋਣ ਵਾਲੀ ਹੈ।
 


Lalita Mam

Content Editor

Related News