ਕੋਰੋਨਾ ਵਾਇਰਸ ਨੇ ਮੀਡੀਆ ਦੀ ਸੁਤੰਤਰਤਾ ''ਤੇ ਵਧਾਇਆ ਖਤਰਾ : ਆਰ.ਐਸ.ਐਫ.
Wednesday, Apr 22, 2020 - 02:38 AM (IST)

ਪੈਰਿਸ (ਏ.ਪੀ.)- ਪੱਤਰਕਾਰਾਂ ਦੀ ਸੁਤੰਤਰਤਾ ਅਤੇ ਸੂਚਨਾ ਦੇ ਅਧਿਕਾਰ ਦੀ ਰੱਖਿਆ ਲਈ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ ਰਿਪੋਰਟਰਸ ਵਿਦਾਊਟ ਬਾਰਡਰਸ (ਆਰ.ਐਸ.ਐਫ.) ਨੇ ਸੁਚੇਤ ਕੀਤਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਪੂਰੀ ਦੁਨੀਆ 'ਚ ਪ੍ਰੈਸ ਦੀ ਆਜ਼ਾਦੀ ਲਈ ਖਤਰਾ ਪੈਦਾ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਚੀਨ ਅਤੇ ਈਰਾਨ ਵਰਗੇ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਕਹਿਰ ਦੀ ਜਾਣਕਾਰੀ ਨੂੰ ਦਬਾਇਆ ਹੈ। ਪੈਰਿਸ ਸਥਿਤ ਸੰਗਠਨ ਨੇ ਸਾਲਾਨਾ ਪ੍ਰੈਸ ਸੁਤੰਤਰਤਾ ਰੈਂਕਿੰਗ ਵਿਚ ਕਿਹਾ ਕਿ ਮਹਾਂਮਾਰੀ ਪ੍ਰੈਸ ਦੀ ਆਜ਼ਾਦੀ 'ਤੇ ਕਈ ਸੰਕਟਾਂ ਨੂੰ ਉਜਾਗਰ ਕਰ ਰਹੀ ਅਤੇ ਵਧਾ ਰਹੀ ਹੈ।
ਪ੍ਰੈਸ ਦੀ ਸੁਤੰਤਰਤਾ ਦੀ ਸਥਿਤੀ ਪਹਿਲਾਂ ਹੀ ਬਿਹਤਰ ਨਹੀਂ ਹੈ। ਆਰ.ਐਸ.ਐਫ. ਦੇ ਜਨਰਲ ਸਕੱਤਰ ਕ੍ਰਿਸਟੋਫ ਡੇਲਾਇਰ ਨੇ ਦੱਸਿਆ ਕਿ ਬੀਮਾਰੀ ਦੇ ਕਹਿਰ ਨੇ ਕੁਝ ਸਰਕਾਰਾਂ ਨੂੰ ਇਸ ਤੱਥ ਦਾ ਲਾਭ ਲੈਣ ਲਈ ਹੱਲਾਸ਼ੇਰੀ ਦਿੱਤੀ ਕਿ ਲੋਕ ਹੈਰਾਨ ਹਨ ਅਤੇ ਲਾਮਬੰਦੀ ਉਨ੍ਹਾਂ ਉਪਾਅ ਨੂੰ ਲਾਗੂ ਕਰਨ ਲਈ ਕਮਜ਼ੋਰ ਹੋ ਗਈ ਹੈ, ਜਿਨ੍ਹਾਂ ਨੂੰ ਆਮ ਸਮੇਂ ਵਿਚ ਅਪਣਾਉਣਾ ਸੰਭਵ ਹੁੰਦਾ ਹੈ। ਰੈਂਕਿੰਗ ਵਿਚ ਬੀਤੇ ਸਾਲ ਦੇ ਮੁਕਾਬਲੇ ਵਿਚ ਵੱਡੇ ਬਦਲਾਅ ਹੋਏ ਹਨ। ਉੱਤਰੀ ਯੂਰਪ ਦੇ ਦੇਸ਼ ਨੂੰ ਸਭ ਤੋਂ ਸੁਤੰਤਰ ਦੇਸ਼ ਮੰਨਿਆ ਗਿਆ ਹੈ, ਜਦੋਂ ਕਿ 180 ਦੇਸ਼ਾਂ ਦੀ ਸੂਚੀ ਵਿਚ ਤੁਰਕਮੇਨਿਸਤਾਨ ਅਤੇ ਉੱਤਰ ਕੋਰੀਆ ਹੇਠਲੇ ਸਥਾਨ 'ਤੇ ਹੈ। ਆਰ.ਐਸ.ਐਫ. ਨੇ ਚੀਨ ਅਤੇ ਈਰਾਨ 'ਤੇ ਕੋਰੋਨਾ ਵਾਇਰਸ ਦੀ ਰਿਪੋਰਟਿੰਗ 'ਤੇ ਸੈਂਸਰਸ਼ਿਪ ਕਰਨ ਦਾ ਦੋਸ਼ ਲਗਾਇਆ ਹੈ।
ਉਸ ਦੀ ਰੈਂਕਿੰਗ ਵਿਚ ਚੀਨ 177ਵੇਂ ਅਤੇ ਈਰਾਨ 173ਵੇਂ ਸਥਾਨ 'ਤੇ ਹੈ। ਚੀਨ ਵਲੋਂ ਬੀਮਾਰੀ ਦੇ ਪ੍ਰਭਾਵ ਨੂੰ ਲੈ ਕੇ ਸ਼ੁਰੂ ਵਿਚ ਜਾਣਕਾਰੀ ਲੁਕਾਉਣ ਦੇ ਦੋਸ਼ ਵੱਲ ਇਸ਼ਾਰਾ ਕਰਦੇ ਹੋਏ ਸੰਗਠਨ ਨੇ ਕਿਹਾ ਕਿ ਚੀਨ ਆਪਣੇ ਸੂਚਨਾ ਤੰਤਰ ਨੂੰ ਜ਼ਬਰਦਸਤ ਤਰੀਕੇ ਨਾਲ ਕੰਟਰੋਲ ਕੀਤੇ ਹੋਏ ਹੈ, ਜਿਸ ਦਾ ਨਾਂ ਪੱਖੀ ਪ੍ਰਭਾਵ ਕੋਰੋਨਾ ਵਾਇਰਸ ਸਿਹਤ ਸੰਕਟ ਦੌਰਾਨ ਦੁਨੀਆ ਨੇ ਦੇਖਿਆ। ਸੂਚੀ ਵਿਚ ਨਾਰਵੇ ਲਗਾਤਾਰ ਚੌਥੇ ਸਾਲ ਪਹਿਲੇ ਸਥਾਨ 'ਤੇ ਹੈ। ਜਦੋਂ ਕਿ ਫਿਨਲੈਂਡ ਦੂਜੇ ਸਥਾਨ 'ਤੇ ਹੈ। ਇਸ ਸੂਚੀ ਵਿਚ ਭਾਰਤ 142ਵੇਂ ਸਥਾਨ 'ਤੇ ਹੈ। ਜਦੋਂ ਕਿ ਪਿਛਲੇ ਸਾਲ ਉਹ 140ਵੇਂ ਸਥਾਨ 'ਤੇ ਸੀ। ਉੱਤਰ ਕੋਰੀਆ, ਤੁਰਕਮੇਨਿਸਤਾਨ ਦੀ ਥਾਂ ਆਖਰੀ ਸਥਾਨ 'ਤੇ ਪਹੁੰਚ ਗਿਆ ਹੈ। ਉਥੇ ਹੀ ਅਫਰੀਕੀ ਮੁਲਕ ਇਰਿਟ੍ਰਿਆ 178ਵੇਂ ਸਥਾਨ 'ਤੇ ਹੈ। ਉਥੇ ਹੀ ਉਮਰ ਅਲ ਬਸ਼ੀਰ ਦੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਤੋਂ ਬਾਅਦ ਸੂਡਾਨ ਦੀ ਰੈਂਕਿੰਗ ਵਿਚ 16 ਸਥਾਨ ਵੱਧ ਕੇ 159 ਹੋ ਗਈ ਹੈ। ਫਰਾਂਸ 32ਵੇਂ, ਤੁਰਕੀ 154ਵੇਂ, ਰੂਸ 149ਵੇਂ ਸਥਾਨ 'ਤੇ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਰ.ਐਸ.ਐਫ. ਦੀ ਰਿਪੋਰਟ 'ਤੇ ਪਲਟਵਾਰ ਕਰਦੇ ਹੋਏ ਦਾਅਵਾ ਕੀਤਾ ਕਿ ਉਸ ਦਾ ਰਵੱਈਆ ਚੀਨ ਪ੍ਰਤੀ ਹਮੇਸ਼ਾ ਪੱਖਪਾਤ ਵਾਲਾ ਰਹਿੰਦਾ ਹੈ ਅਤੇ ਚੀਨ ਹੋਰ ਦੇਸ਼ਾਂ ਦੇ ਪੱਤਰਕਾਰਾਂ ਦਾ ਆਪਣੇ ਇਥੇ ਸਵਾਗਤ ਕਰਦਾ ਹੈ।