ਕੋਰੋਨਾ ਵਾਇਰਸ ਲਾਕਡਾਊਨ : ਪਾਕਿਸਤਾਨ ’ਚ ਤੜਫ-ਤੜਫ ਕੇ ਮਰ ਗਏ ਸੈਂਕੜੇ ਜਾਨਵਰ
Tuesday, Apr 07, 2020 - 06:49 PM (IST)

ਇਸਲਾਮਾਬਾਦ (ਇੰਟ.) – ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਚ ਸੈਂਕੜੇ ਲਾਵਾਰਸ ਪਸ਼ੂਆਂ ਦੀ ਮੌਤ ਹੋ ਗਈ। ਦਰਅਸਲ ਪਾਕਿਸਤਾਨ ਦੇ ਵੱਡੇ ਸ਼ਹਿਰਾਂ ’ਚ ਲਾਕਡਾਊਨ ਕਾਰਣ ਜਲਦਬਾਜ਼ੀ ’ਚ ਬੰਦ ਕੀਤੇ ਗਏ ਇਥੋਂ ਦੇ ਪਸ਼ੂ ਬਾਜ਼ਾਰ ’ਚ ਪਿੰਜਰਿਆਂ ’ਚ ਬੰਦ ਸੈਂਕੜੇ ਬਿੱਲੀਆਂ, ਕੁੱਤੇ ਅਤੇ ਖਰਗੋਸ਼ ਮ੍ਰਿਤਕ ਮਿਲੇ ਹਨ। ਕਰਾਚੀ ਦੀ ਇੰਪ੍ਰੈੱਸ ਮਾਰਕੀਟ ’ਚ ਜ਼ਿੰਦਾ ਬਚੇ ਪਸ਼ੂਆਂ ਨੂੰ ਜ਼ਰੂਰ ਬਚਾ ਲਿਆ ਗਿਆ ਹੈ।
ਪਸ਼ੂਆਂ ਦੇ ਚੀਕਣ ਦੀ ਆ ਰਹੀ ਸੀ ਆਵਾਜ਼
ਪਿੰਜਰਿਆਂ ’ਚ ਕੈਦ ਪਸ਼ੂਆਂ ਲਈ ਪਸ਼ੂ ਅਧਿਕਾਰ ਵਰਕਰਾਂ ਨੇ ਅਪੀਲ ਕੀਤੀ ਸੀ। ਏ. ਸੀ. ਐੱਫ. ਐਨੀਮਲ ਰੈਸਕਿਊ ਨਾਂ ਦੀ ਸੰਸਥਾ ਚਲਾਉਣ ਵਾਲੀ ਆਇਸ਼ਾ ਚੁੰਦਰੀਗਰ ਨੇ ਕਿਹਾ ਕਿ ਦੁਕਾਨਾਂ ਦੇ ਬਾਹਰ ਤੋਂ ਪਸ਼ੂਆਂ ਦੇ ਚੀਕਣ ਦੀ ਆਵਾਜ਼ ਸੁਣੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਅੰਦਰ ਪਹੁੰਚੇ ਤਾਂ ਉਨ੍ਹਾਂ ’ਚੋਂ ਜ਼ਿਆਦਾਤਰ ਲੱਗਭਗ 70 ਫੀਸਦੀ ਮਰ ਚੁੱਕੇ ਸਨ। ਲਾਹੌਰ ’ਚ ਵੀ ਪਸ਼ੂਆਂ ਦੇ ਨਾਲ ਅਜਿਹਾ ਹੀ ਹੋਇਆ। ਹਾਲਾਂਕਿ ਕਈ ਅਜਿਹੇ ਸਨ ਜੋ ਹਾਲੇ ਵੀ ਜ਼ਿੰਦਾ ਸਨ। ਇਨ੍ਹਾਂ ਨੂੰ ਬਚਾਅ ਲਿਆ ਗਿਆ ਹੈ।