ਫਰਿਜ਼ਨੋ ਕਾਉਂਟੀ ''ਚ ਇਸ ਹਫਤੇ ਕੋਰੋਨਾ ਵਾਇਰਸ ਨੇ ਲਈ ਦੋ ਦਰਜ਼ਨ ਤੋਂ ਵੱਧ ਲੋਕਾਂ ਦੀ ਜਾਨ
Sunday, Dec 13, 2020 - 11:46 AM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਕਾਉਂਟੀ ਨੇ ਕੋਵਿਡ-19 ਦੌਰਾਨ ਅਜੇ ਤੱਕ ਦੇ ਸਭ ਤੋਂ ਮਾਰੂ ਹਫ਼ਤੇ ਦਾ ਸਾਹਮਣਾ ਕੀਤਾ ਹੈ। ਸਿਹਤ ਅਧਿਕਾਰੀਆਂ ਦੁਆਰਾ ਪਿਛਲੇ ਹਫਤੇ ਤੋਂ ਲੈ ਕੇ 36 ਕੋਰੋਨਾ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਫਰਿਜ਼ਨੋ ਕਾਉਂਟੀ ਦੇ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਵੱਲੋਂ ਸ਼ੁੱਕਰਵਾਰ ਨੂੰ ਅਪਡੇਟ ਕੀਤੇ ਅੰਕੜਿਆਂ 'ਚ 28 ਮੌਤਾਂ ਸ਼ਾਮਲ ਸਨ ਅਤੇ ਅੱਠ ਮੌਤਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ। ਇਸ ਹਫਤੇ ਦੇ ਅੰਕੜਿਆਂ ਅਨੁਸਾਰ ਕਾਉਂਟੀ 'ਚ ਕੋਰਨਾ ਵਾਇਰਸ ਅਤੇ ਸਾਹ ਪ੍ਰਣਾਲੀ ਬੀਮਾਰੀ ਕਾਰਨ ਹੋਈਆਂ ਕੁੱਲ ਮੌਤਾਂ ਦੀ ਗਿਣਤੀ ਦਸੰਬਰ ਦੇ ਮਹੀਨੇ 'ਚ 61 ਤੱਕ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਰਾਜ ਦੇ ਜਨ ਸਿਹਤ ਵਿਭਾਗ ਨੇ ਫਰਿਜ਼ਨੋ ਕਾਉਂਟੀ 'ਚ 507 ਨਵੇਂ ਪੁਸ਼ਟੀ ਕੀਤੇ ਕੋਵਿਡ-19 ਕੇਸਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਨੇ ਇਸ ਮਹੀਨੇ ਦੀ ਵਾਇਰਸ ਲਈ ਸਕਾਰਾਤਮਕ ਟੈਸਟਾਂ ਦੀ ਕੁੱਲ ਸੰਖਿਆ ਨੂੰ ਤਕਰੀਬਨ 4,000 ਅਤੇ ਮਾਰਚ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਗਿਣਤੀ ਨੂੰ 42,000 ਤੋਂ ਵੱਧ ਤੱਕ ਪਹੁੰਚਾ ਦਿੱਤਾ ਹੈ। ਇਸ ਤੋਂ ਇਲਾਵਾ ਫਰਿਜ਼ਨੋ ਦੇ ਹਸਪਤਾਲਾਂ 'ਚ ਵੀਰਵਾਰ ਨੂੰ 472 ਪੁਸ਼ਟੀ ਕੀਤੇ ਕੋਰੋਨਾ ਵਾਇਰਸ ਦੇ ਮਰੀਜ਼ ਦਾਖ਼ਲ ਹਨ, ਜਿਨ੍ਹਾਂ 'ਚੋਂ ਇੰਟੈਂਸਿਵ ਕੇਅਰ ਯੂਨਿਟ 'ਚ 79 ਮਰੀਜ਼ ਹਨ। ਜਦ ਕਿ 41 ਹੋਰ ਸ਼ੱਕੀ ਕੋਵਿਡ-19 ਕੇਸ, ਜਿਨ੍ਹਾਂ 'ਚ ਮਰੀਜ਼ਾਂ ਦੇ ਟੈਸਟਾਂ ਦੇ ਨਤੀਜਿਆਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਵੀਰਵਾਰ ਤੱਕ ਹਸਪਤਾਲ 'ਚ ਦਾਖਲ ਕਰਵਾਏ ਗਏ ਹਨ।