ਚੀਨ ''ਚ ਅਜੇ ਵੀ ਸਾਹਮਣੇ ਆ ਰਹੇ ਨੇ ਕੋਰੋਨਾ ਵਾਇਰਸ ਦੇ ਮਾਮਲੇ
Friday, Jul 24, 2020 - 03:01 PM (IST)
ਬੀਜਿੰਗ- ਚੀਨ ਦੇ ਉੱਤਰ-ਪੂਰਬੀ ਸੂਬੇ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਵਾਇਰਸ ਕਾਫ਼ੀ ਹੱਦ ਤਕ ਕਾਬੂ ਵਿਚ ਆ ਗਿਆ ਹੈ।
ਲਿਆਓਨਿੰਗ ਸੂਬੇ ਦੇ ਅਧਿਕਾਰੀਆਂ ਨੇ ਇਸ ਸਮੇਂ ਵਾਇਰਸ ਫੈਲਣ ਨੂੰ ਰੋਕਣ ਲਈ ਸੈਲਾਨੀਆਂ ਨੂੰ ਆਕਰਸ਼ਤ ਕਰਨ ਵਾਲੇ ਥਿਏਟਰਾਂ, ਨਾਈਟ ਕਲੱਬਾਂ ਅਤੇ ਇਨਡੋਰ ਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਚੀਨ ਦੇ ਲਿਓਨਿੰਗ ਵਿਚ ਕੋਰੋਨਾ ਮਾਮਲੇ ਸਾਹਮਣੇ ਆਉਣ ਤੋਂ ਪਹਿਲਾਂ ਇਸ ਮਾਮਲੇ ਦੀ ਸ਼ੁਰੂਆਤ ਸ਼ਿਨਜਿਆਂਗ ਦੇ ਉੱਤਰ ਪੱਛਮੀ ਖੇਤਰ ਵਿਚ ਹੋਈ ਸੀ।
ਖੇਤਰੀ ਰਾਜਧਾਨੀ ਉਰੁਮਕੀ ਵਿਚ ਕਈ ਲੋਕਾਂ ਦੇ ਵਾਇਰਸ ਪੀੜਤ ਪਾਏ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਇੱਥੇ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਅਤੇ ਵੱਡੇ ਪੱਧਰ 'ਤੇ ਜਾਂਚ ਦੇ ਹੁਕਮ ਦਿੱਤੇ। ਚੀਨ ਵਿਚ ਕਈ ਹੋਰ ਥਾਵਾਂ 'ਤੇ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਿਆ ਹੈ ਪਰ ਫਿਰ ਵੀ ਹਰ ਰੋਜ਼ ਇਕ-ਦੋ ਮਾਮਲੇ ਸਾਹਮਣੇ ਆ ਜਾਂਦੇ ਹਨ। ਉੱਥੇ ਹੀ, ਬੀਜਿੰਗ ਅਤੇ ਸ਼ੰਘਾਈ ਵਰਗੇ ਵੱਡੇ ਸ਼ਹਿਰ ਹੁਣ ਆਰਥਿਕ ਅਤੇ ਸਮਾਜਿਕ ਗਤੀਵਿਧੀਆਂ ਲਈ ਖੁੱਲ੍ਹ ਰਹੇ ਹਨ।