ਕੋਰੋਨਾ ਵਾਇਰਸ : ਆਸਟ੍ਰੇਲੀਆ-ਚੀਨ ਦੇ ਤਣਾਅ ਕਾਰਨ ਵਪਾਰ ਯੁੱਧ ਦਾ ਡਰ ਵਧਿਆ, ਲੱਗੀਆਂ ਆਰਥਿਕ ਪਾਬੰਦੀਆਂ

05/13/2020 9:51:41 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਚੀਨ ਨੇ ਆਸਟ੍ਰੇਲੀਆਈ ਜੌਂ (ਅਨਾਜ) ਦੀ ਦਰਾਮਦ 'ਤੇ 80 ਫੀਸਦੀ ਟੈਕਸ ਲਗਾਉਣ ਦੀ ਧਮਕੀ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਚਾਰ ਬੀਫ ਪਲਾਂਟ ਜੇ. ਬੀ. ਐੱਸ. ਡਿਨਮੋਰ, ਜੇ. ਬੀ. ਐੱਸ. ਬੀਫ ਸਿਟੀ, ਕਿਲਕੋਏ ਅਤੇ ਉੱਤਰੀ ਸਹਿਕਾਰੀ ਮੀਟ ਕੰਪਨੀ ਆਸਟ੍ਰੇਲੀਆ ਦੇ ਬੀਫ ਤੋ ਦਰਾਮਦ ਨੂੰ ਮੁਲਤਵੀ ਕਰ ਦਿੱਤਾ ਹੈ , ਆਸਟ੍ਰੇਲੀਆ ਦੇ ਅਠਾਰਾਂ ਫੀਸਦੀ ਬੀਫ (ਮੀਟ) ਦਾ ਉਤਪਾਦਨ ਚੀਨ ਨੂੰ ਨਿਰਯਾਤ ਕੀਤਾ ਜਾਂਦਾ ਹੈ, ਜੋ ਕਿ ਸਲਾਨਾ 3 ਬਿਲੀਅਨ ਡਾਲਰ ਤੋਂ ਵੱਧ ਦੀ ਬਰਾਮਦ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਕਸਟਮ ਅਫਸਰਾਂ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਕੁਝ ਆਸਟ੍ਰੇਲੀਆਈ ਬੀਫ ਨਿਰਯਾਤ ਕੰਪਨੀਆਂ ਵਲੋਂ ਨਿਯਮਾਂ 'ਚ ਵਾਰ-ਵਾਰ ਉਲੰਘਣਾ ਹੋਈ ਹੈ । ਜਿਸ ਕਾਰਨ ਆਸਟ੍ਰੇਲੀਆਈ ਚਾਰ ਕੰਪਨੀਆਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।

ਤਾਜਾ ਹਲਾਤਾਂ ਨਾਲ ਦੋਵਾਂ ਮੁਲਕਾਂ ਦਰਮਿਆਨ ਵਪਾਰ ਅਤੇ ਡਿਪਲੋਮੈਟਿਕ ਤਣਾਅ ਵੱਧ ਗਿਆ ਹੈ। ਜਿਸ ਦਾ ਮੁੱਖ ਕਾਰਨ ਆਸਟ੍ਰੇਲੀਆ ਵਲੋਂ ਕੋਵਿਡ -19 ਦੇ ਸ਼ੁਰੂਆਤ ਦੀ ਸੁਤੰਤਰ ਜਾਂਚ ਦੀ ਮੰਗ ਹੈ, ਜਿਸ ਨੂੰ ਚੀਨ ਨੇ ਰੱਦ ਕਰ ਦਿੱਤਾ ਹੈ। ਚੀਨ ਦੇ ਇਸ ਧਮਕੀ ਭਰੇ ਕਦਮ ਨਾਲ ਆਸਟ੍ਰੇਲੀਆਈ ਜੌਂਆ 'ਤੇ ਉੱਚ ਮੁੱਲ ਲਗਾਏ ਜਾਣਗੇ, ਜਿਸ ਨਾਲ ਅਨਾਜ ਨਿਰਯਾਤ ਕਰਨ ਵਾਲਿਆਂ ਨੂੰ ਸੈਂਕੜੇ ਲੱਖਾਂ ਡਾਲਰਾਂ ਦਾ ਵਾਧੂ ਬੋਝ ਪੈ ਸਕਦਾ ਹੈ। ਇਹ ਧਮਕੀ ਆਸਟ੍ਰੇਲੀਆ ਵੱਲੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਬਾਰੇ ਵਿਸ਼ਵ ਵਿਆਪੀ ਜਾਂਚ ਦੀ ਮੰਗ ਨੂੰ ਲੈ ਕੇ ਵੱਧ ਰਹੀ ਕੌੜੀ ਕੂਟਨੀਤਕ ਸਬੰਧਾਂ ਦੀ ਤਲਖੀ ਵਿੱਚ ਤਾਜ਼ਾ ਵਾਧਾ ਹੈ। ਚੀਨ ਨੇ ਜਨਤਕ ਤੌਰ 'ਤੇ ਕੋਵਿਡ-19 ਦੀ ਜਾਂਚ ਦੇ ਬਦਲੇ ਵਿਚ ਆਸਟ੍ਰੇਲੀਆ 'ਤੇ ਆਰਥਿਕ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ ਹੈ। ਜੌਂ ਦੀ ਖੇਤੀ ਅਤੇ ਬੀਫ ਦੇ ਉਤਪਾਦਕ ਕਿਸਾਨ ਸਭ ਤੋਂ ਪਹਿਲਾਂ ਇਨ੍ਹਾਂ ਆਰਥਿਕ ਪਾਬੰਦੀਆਂ ਦਾ ਸ਼ਿਕਾਰ ਹੋਏ ਹਨ। ਜੌਂ ਦੇ ਮੁੱਦੇ 'ਤੇ ਖੇਤੀਬਾੜੀ ਮੰਤਰੀ ਡੇਵਿਡ ਲਿਟਲਪ੍ਰੌਡ ਨੇ ਕਿਹਾ, "ਮੈਂ ਉਮੀਦ ਕਰਦਾ ਹਾਂ ਕਿ ਦਰਾਂ ਦਾ ਵਾਧਾ ਬਦਲਾ ਲੈਣ ਦੀ ਕੋਈ ਕਾਰਵਾਈ ਅਧੀਨ ਨਾ ਹੋਵੇ।" ਵਪਾਰ ਮੰਤਰੀ ਸਾਈਮਨ ਬਰਮਿੰਘਮ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਗੰਭੀਰਤਾ ਵਾਲਾ ਮੁੱਦਾ ਹੈ ਅਤੇ ਚੀਨ ਵਲੋਂ ਇਸ ਦਾ 'ਇਹ ਕੋਈ ਉਚਿਤ ਹੱਲ ਨਹੀਂ ਹੈ'। ਜੌਂ ਚੀਨ ਦੇ ਲਈ ਆਸਟਰੇਲੀਆ ਦਾ ਦੂਜਾ ਸਭ ਤੋਂ ਕੀਮਤੀ ਖੇਤੀ ਬਰਾਮਦ ਹੈ, ਜਿਸਦਾ ਵਪਾਰ 1.5 ਬਿਲੀਅਨ ਡਾਲਰ ਦਾ ਹੈ।

ਚੀਨ 19 ਮਈ ਤੱਕ ਆਸਟ੍ਰੇਲੀਆਈ ਜੌਂ ਦੀ 18 ਮਹੀਨੇ ਤੋਂ ਐਂਟੀ-ਡੰਪਿੰਗ ਦੀ ਚੱਲ ਰਹੀ ਜਾਂਚ ਮੁਕੰਮਲ ਕਰਨ ਵਾਲਾ ਹੈ। ਆਸਟ੍ਰੇਲੀਆ ਚੀਨ ਨੂੰ ਜੌਂ ਦੇ ਮੁੱਦੇ 'ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਸ ਲੜਾਈ ਨੂੰ ਵਿਸ਼ਵ ਵਪਾਰ ਸੰਗਠਨ 'ਚ ਲਿਜਾਣ ਲਈ ਤਿਆਰ ਹੈ। ਆਸਟ੍ਰੇਲੀਆ ਨੇ ਕੋਰੋਨਾਵਾਇਰਸ ਦੀ ਸੁਤੰਤਰ ਜਾਂਚ ਲਈ ਯੂਰਪੀਅਨ ਯੂਨੀਅਨ ਦੇ ਮਤੇ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਹੈ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ, "ਅਸੀਂ ਯੂਰਪੀ ਸੰਘ ਦੇ ਮਤੇ ਦਾ ਸਮਰਥਨ ਕਰਦੇ ਹਾਂ ਜਿਸ ਵਿੱਚ ਵੁਹਾਨ ਦੀ ਵੈੱਟ ਮਾਰਕੀਟ (ਫਲਾਂ ਸਬਜੀਆ, ਅਤੇ ਜਿੱਥੇ ਜਿਉਂਦੇ ਜਾਨਵਰ ਵੱਢੇ ਅਤੇ ਵੇਚੇ ਜਾਂਦੇ ਹਨ) ਦੀ ਸੁਤੰਤਰ ਜਾਂਚ, ਏਸ਼ੀਆ, ਅਫਰੀਕਾ ਅਤੇ ਮੱਧ ਪੂਰਬੀ ਖਿੱਤੇ ਅੰਦਰ ਵੈੱਟ ਮਾਰਕੀਟ (ਬਾਜ਼ਾਰਾਂ) ਨੂੰ ਨਿਯਮਤ ਕਾਨੂੰਨ ਦੇ ਦਾਇਰੇ ਵਿੱਚ ਲਿਆਉਣਾ ਅਤੇ ਜਾਂਚ ਲਈ ਸੁਤੰਤਰ ਜਾਂਚ ਏਜੰਸੀਆਂ ਆਦਿ ਨੂੰ ਸ਼ਾਮਲ ਕਰਨਾ ਹੈ। ਕੋਵਿਡ-19 ਮਹਾਂਮਾਰੀ ਦਰਮਿਆਨ ਜੌਂਆ ਅਤੇ ਬੀਫ ਦਾ ਮੁੱਦਾ ਆਸਟਰੇਲੀਆ ਦੇ ਪਹਿਲੇ ਦਰਜੇ ਦੇ ਵਪਾਰਿਕ ਭਾਈਵਾਲ ਚੀਨ ਨਾਲ ਸਬੰਧਾਂ 'ਚ ਵਧੇਰੇ ਤਣਾਅ ਅਤੇ ਕੜਵਾਹਟ ਭਰ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਵਪਾਰ ਤੇ ਨਿਵੇਸ਼ : ਚੀਨ ਵਸਤੂਆਂ ਅਤੇ ਸੇਵਾਵਾਂ ਦੇ ਮਾਮਲੇ ਵਿਚ ਆਸਟਰੇਲੀਆ ਦਾ ਸਭ ਤੋਂ ਵੱਡਾ ਦੋ-ਧਿਰ ਵਪਾਰਕ ਭਾਈਵਾਲ ਹੈ, ਦੋ-ਪੱਖੀ ਵਪਾਰ 2018–19 ਵਿਚ ਇਕ ਰਿਕਾਰਡ 235 ਬਿਲੀਅਨ ਡਾਲਰ ਤੱਕ ਪਹੁੰਚ ਗਿਆ (ਸਾਲ ਦੇ ਸਾਲ ਵਿਚ 20.5% ਵੱਧ) ਚੀਨ ਨੂੰ ਬਰਾਮਦ 23.9 ਫੀਸਦ ਵਧ ਕੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ (153 ਅਰਬ ਡਾਲਰ) 'ਤੇ ਪਹੁੰਚ ਗਈ, ਜੋ ਆਸਟਰੇਲੀਆਈ ਲੋਹੇ, ਕੋਲਾ ਅਤੇ ਐੱਲ. ਐੱਨ. ਜੀ. ਚੀਨ ਸਭ ਤੋਂ ਵੱਡੀ ਸੇਵਾਵਾਂ ਨਿਰਯਾਤ ਬਾਜ਼ਾਰ ਬਣਿਆ ਹੋਇਆ ਹੈ, ਖ਼ਾਸਕਰ ਸਿੱਖਿਆ ਵਿਚ (ਸਾਲ 2018 ਵਿੱਚ 205,000 ਤੋਂ ਵੱਧ ਵਿਦਿਆਰਥੀ, ਇੱਕ ਸਾਲ ਵਿੱਚ 11 ਪ੍ਰਤੀਸ਼ਤ ਵਾਧਾ) ਅਤੇ ਸੈਰ ਸਪਾਟਾ (2018–19 ਵਿੱਚ 1.4 ਮਿਲੀਅਨ ਤੋਂ ਵੱਧ ਚੀਨੀ ਯਾਤਰੀ) ਆਦਿ ਸ਼ਾਮਲ ਹਨ। ਇਥੇ ਗੌਰਤਲਬ ਹੈ ਕਿ ਕੋਵਿਡ-19 ਦੀ ਤਾਲਾਬੰਦੀ ਦੀਆਂ ਪਾਬੰਦੀਆਂ ਦੌਰਾਨ ਆਸਟ੍ਰੇਲੀਆਈ ਅਰਥਚਾਰੇ ਨੂੰ ਹਫਤਾਵਾਰੀ 4 ਬਿਲੀਅਨ ਡਾਲਰ ਤੱਕ ਦਾ ਘਾਟਾ ਪੈ ਰਿਹਾ ਹੈ।


Lalita Mam

Content Editor

Related News