ਕੋਰੋਨਾ ਦੇ ਖ਼ਤਰੇ ਕਾਰਨ ਚੀਨ ਨਾਲ ਸਮੁੰਦਰੀ ਭੋਜਨ ਵਪਾਰ ’ਤੇ ਪੈਣ ਲੱਗਾ ਅਸਰ
Tuesday, May 18, 2021 - 06:09 PM (IST)
ਇੰਟਰਨੈਸ਼ਨਲ ਡੈਸਕ : ਭਾਰਤ ’ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਨਾਲ ਹਰ ਤਰ੍ਹਾਂ ਦੇ ਵਪਾਰ ’ਤੇ ਅਸਰ ਪਿਆ ਹੈ। ਕੋਰੋਨਾ ਦੀ ਮਾਰ ਕਾਰਨ ਕਈ ਵਪਾਰ ਠੰਡੇ ਪੈ ਗਏ ਹਨ। ਇਸ ਦਾ ਅਸਰ ਦੇਸ਼ ਦੇ ਸਮੁੰਦਰੀ ਭੋਜਨ ਵਪਾਰ ’ਤੇ ਵੀ ਪਿਆ ਹੈ, ਖ਼ਾਸ ਤੌਰ ’ਤੇ ਪੱਛਮੀ ਭਾਰਤ ’ਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਗੁਆਂਢੀ ਮੁਲਕ ਚੀਨ ਹੀ ਭਾਰਤ ਦੇ ਸਮੁੰਦਰੀ ਭੋਜਨ ਦੇ ਵਪਾਰ ਦਾ 25 ਫ਼ੀਸਦੀ ਖ਼ਰੀਦਦਾਰ ਹੈ ਪਰ ਪੈਕਿੰਗ ਖਾਣੇ ਜ਼ਰੀਏ ਕੋਰੋਨਾ ਦੇ ਖ਼ਤਰੇ ਕਾਰਨ ਚੀਨ ਨਾਲ ਵਪਾਰ ’ਤੇ ਅਸਰ ਪਿਆ ਹੈ। ਨਿਰਯਾਤ ਕਰਨ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਚੀਨੀ ਵਪਾਰੀਆਂ ਵੱਲੋਂ ਮਾਲ ਦੇ ਭੁਗਤਾਨ ’ਚ ਦੇਰੀ ਕੀਤੀ ਜਾ ਰਹੀ ਹੈ।
ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਮਸਲਿਆਂ ਦਾ ਅਸਰ ਵੀ ਵਪਾਰ ਉੱਤੇ ਦੇਖਣ ਨੂੰ ਮਿਲਿਆ ਹੈ। ਪੱਛਮੀ ਬੰਗਾਲ ਸੂਬੇ ਦੇ ‘ਭਾਰਤੀ ਸਮੁੰਦਰੀ ਉਤਪਾਦ ਨਿਰਯਾਤ ਐਸੋਸੀਏਸ਼ਨ’ ਦੇ ਪ੍ਰਧਾਨ ਰਾਜਰਸ਼ੀ ਬੈਨਰਜੀ ਨੇ ਕਿਹਾ ਕਿ ‘‘ਪੈਕ ਕੀਤੇ ਸਾਮਾਨ ’ਚ ਕੋਰੋਨਾ ਦੇ ਲੱਛਣਾਂ ਦਾ ਖਤਰਾ ਹੋਣ ਦਾ ਵਪਾਰ ’ਤੇ ਵੱਡਾ ਪਭਾਵ ਪਿਆ ਹੈ।’’
ਜ਼ਿਕਰਯੋਗ ਹੈ ਕਿ ਭਾਰਤੀ ਵਪਾਰ ਅਥਾਰਟੀਆਂ ਅਤੇ ਭਾਰਤੀ ਅੰਬੈਸੀ ਵੀ ਇਸ ਮਸਲੇ ਨੂੰ ਗੱਲਬਾਤ ਕਰ ਕੇ ਸੁਲਝਾਉਣ ’ਚ ਅਸਫ਼ਲ ਰਹੀ ਹੈ, ਜੋ ਆਮ ਤੌਰ 'ਤੇ ਹੁਣ ਤੱਕ ਸੁਲਝਾਇਆ ਜਾ ਸਕਦਾ ਸੀ। ਦੱਸ ਦੇਈਏ ਕਿ ਪੱਛਮੀ ਭਾਰਤ ਦਾ ਸਮੁੰਦਰੀ ਉਤਪਾਦ ਨਿਰਯਾਤ ਦਾ ਵਪਾਰ ਆਪਣੇ ਮੁੱਖ ਖ਼ਰੀਦਦਾਰ ਚੀਨ ’ਤੇ ਨਿਰਭਰ ਕਰਦਾ ਹੈ ਅਤੇ ਮੌਜੂਦਾ ਸਮੇਂ ’ਚ ਵਪਾਰ ਤਕਰੀਬਨ ਬੰਦ ਹੋਣ ਕਾਰਨ 20 ਲੱਖ ਤੋਂ ਜ਼ਿਆਦਾ ਮਛੇਰਿਆਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੈ।
ਜੇਕਰ ਇਸ ਉਤਪਾਦ ਦੀ ਗੱਲ ਕਰੀਏ ਤਾਂ ਭਾਰਤ ਦੁਨੀਆ ’ਚ ਝੀਂਗਿਆਂ ਦਾ ਸਭ ਤੋਂ ਵੱਡਾ ਨਿਰਮਾਤਾ ਹੋਣ ਦੇ ਨਾਲ-ਨਾਲ ਸਭ ਤੋਂ ਵੱਡੀ ਪੱਧਰ ’ਤੇ ਇਨ੍ਹਾਂ ਦੀ ਸਪਲਾਈ ਕਰਦਾ ਹੈ। ਸਾਲ 2020 ਤੋਂ 21 ਦੌਰਾਨ ਭਾਰਤ ਵੱਲੋਂ ਤਕਰੀਬਨ 6.70 ਅਰਬ ਸਮੁੰਦਰੀ ਉਤਪਾਦਾਂ ਦਾ ਵਪਾਰ ਕੀਤਾ ਗਿਆ। ਬੈਨਰਜੀ ਨੇ ਕਿਹਾ ਕਿ ‘‘ਝੀਂਗਿਆਂ ਦਾ ਸਭ ਤੋਂ ਵੱਧ ਵਪਾਰ ਅਮਰੀਕਾ ਨਾਲ ਹੁੰਦਾ ਹੈ, ਜੋ ਇਨ੍ਹਾਂ ਜੀਵਾਂ ਦੇ 50 ਫ਼ੀਸਦੀ ਹਿੱਸੇ ਦਾ ਇਕੱਲਾ ਖ਼ਰੀਦਦਾਰ ਹੈ, ਇੰਨਾ ਹੀ ਨਹੀਂ, ਅਮਰੀਕਾ ਵੱਲੋਂ ਵਪਾਰ ਦਾ ਮੁਨਾਫ਼ਾ ਉੱਤੇ ਭਾਰਤ ਵੱਲੋਂ ਲਗਾਏ ਜਾਣ ਵਾਲੇ 2 ਫੀਸਦੀ ਟੈਕਸ ’ਚ ਕੁਝ ਛੋਟ ਦੇਣ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ ਅਤੇ ਮੌਜੂਦਾ ਹਾਲਾਤ ਦਾ ਤਕਰੀਬਨ 1 ਕਰੋੜ ਲੋਕਾਂ, ਜਿਨ੍ਹਾਂ ’ਚ ਮੁੱਖ ਤੌਰ ’ਤੇ ਝੀਂਗਿਆਂ ਦਾ ਉਤਪਾਦ ਕਰਨ ਵਾਲੇ ਵਪਾਰੀ ਹਨ, ਉੱਤੇ ਸਿੱਧਾ ਪ੍ਰਭਾਵ ਪਵੇਗਾ, ਜਿਸ ਕਾਰਨ ਬੇਰੋਜ਼ਗਾਰੀ ਵਧੇਗੀ। ਇਸ ਲਈ ਬੈਨਰਜੀ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ।’’
ਨਿਰਯਾਤ ਕਰਨ ਵਾਲੇ ਹੋਰ ਲੋਕਾਂ ਨੇ ਦੱਸਿਆ ਕਿ ਭਾਰਤ ਤੋਂ ਅਮਰੀਕਾ ਸਾਮਾਨ ਭੇਜਣ ਵਾਲੇ ਕੰਟੇਨਰਾਂ ਦਾ ਰੇਟ ਵੀ ਪਹਿਲਾਂ ਨਾਲੋਂ ਵਧ ਕੇ ਕਰੀਬ ਤਕਰੀਬਨ 6500 ਅਮਰੀਕੀ ਡਾਲਰ ਹੋ ਗਿਆ ਹੈ, ਜੋ ਮਾਰਚ 2020 ’ਚ 3500 ਅਮਰੀਕੀ ਡਾਲਰ ਦੇ ਨੇੜੇ ਸੀ। ਬੈਨਰਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਉਤਪਾਦ ਦਾ ਨਿਰਯਾਤ ਕਰਨ ਵਾਲੀ ਮੁੱਖ ਕੰਪਨੀ ਮੇਅਰਸਕ ਵੱਲੋਂ ਇਹ ਕਿਰਾਇਆ ਦੁੱਗਣਾ ਹੋਣ ਵਾਲਾ ਹੈ, ਜਿਸ ਨੂੰ ਦੇਖਦਿਆਂ ਬਾਕੀ ਨਿਰਯਾਤ ਕੰਪਨੀਆਂ ਵੀ ਕਿਰਾਇਆ ਵਧਾ ਸਕਦੀਆਂ ਹਨ। ਅਜਿਹੀ ਹਾਲਤ ’ਚ ਕਿਰਾਇਆ ਤੇਜ਼ੀ ਨਾਲ ਵਧਣ ਕਾਰਨ ਵਪਾਰੀਆਂ ਦੀ ਸਥਿਤੀ ਹੋਰ ਖ਼ਰਾਬ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਦੇ ਪੱਛਮੀ ਹਿੱਸੇ ਦੀ ਬਹੁਗਿਣਤੀ ਆਬਾਦੀ ਇਸੇ ਵਪਾਰ ’ਤੇ ਆਪਣਾ ਗੁਜ਼ਾਰਾ ਕਰਦੀ ਹੈ, ਜਿਨ੍ਹਾਂ ਉੱਪਰ ਕੋਰੋਨਾ ਦੇ ਇਨ੍ਹਾਂ ਨਾਜ਼ੁਕ ਹਾਲਾਤ ਕਾਰਨ ਬੇਰੋਜ਼ਗਾਰੀ ਦਾ ਖ਼ਤਰਾ ਬਣ ਰਿਹਾ ਹੈ।