ਇਟਲੀ ’ਚ ਮੁੜ ਮਾਰੂ ਹੋਇਆ ਕੋਰੋਨਾ, 24 ਘੰਟਿਆਂ ਦੌਰਾਨ 718 ਲੋਕ ਹਾਰੇ ਜ਼ਿੰਦਗੀ ਦੀ ਜੰਗ

4/10/2021 3:45:45 PM

ਰੋਮ (ਇਟਲੀ) (ਦਲਵੀਰ ਕੈਂਥ)-ਕੋਰੋਨਾ ਦੀ ਲਾਗ ਦਾ ਕਹਿਰ ਪੂਰੀ ਦੁਨੀਆ ’ਚ ਜਾਰੀ ਹੈ। ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਇਸ ਮਹਾਮਾਰੀ ਨੂੰ ਪੂਰੀ ਤਰ੍ਹਾਂ ਠੱਲ੍ਹ ਪੈਂਦੀ ਨਜ਼ਰੀਂ ਨਹੀਂ ਆਉਂਦੀ। ਬੇਸ਼ੱਕ ਦੁਨੀਆ ਦੇ ਪ੍ਰਸਿੱਧ ਵਿਗਿਆਨੀਆਂ ਵਲੋਂ ਇਸ ਮਹਾਮਾਰੀ ਨੂੰ ਰੋਕਣ ਲਈ ਵੈਕਸੀਨ ਤਿਆਰ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਇਸ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਜੇਕਰ ਗੱਲ ਕਰੀਏ ਇਟਲੀ ਦੀ ਤਾਂ ਇਥੇ ਲੱਖਾਂ ਲੋਕਾਂ ਨੂੰ ਐਂਟੀ-ਕੋਵਿਡ ਵੈਕਸੀਨ ਦਿੱਤੀ ਜਾ ਚੁੱਕੀ ਹੈ ਤੇ ਹੁਣ ਵੀ ਇਹ ਕਾਰਵਾਈ ਵੱਡੇ ਪੱਧਰ ’ਤੇ ਚੱਲ ਰਹੀ ਹੈ। ਇਟਲੀ ’ਚ ਹੁਣ ਤੱਕ ਕੋਵਿਡ-19 ਦੇ 37 ਲੱਖ ਤੋਂ ਉੱਪਰ ਮਰੀਜ਼ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 30 ਲੱਖ ਤੋਂ ਉੱਪਰ ਮਰੀਜ਼ ਕੋਵਿਡ ਦੀ ਜੰਗ ਜਿੱਤ ਕੇ ਆਪਣੀ ਖੁਸ਼ਹਾਲ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ।

ਇਟਲੀ ਸਰਕਾਰ ਵਲੋਂ ਹਰ ਪਹਿਲੂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਮਹਾਮਾਰੀ ਦੀ ਲਾਗ ਤੋਂ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਨਿਯਮ ਬਣਾਏ ਗਏ ਹਨ ਪਰ ਫਿਰ ਵੀ ਇਟਲੀ ’ਚ ਹਰ ਰੋਜ਼ ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ 18,938 ਨਵੇਂ ਕੇਸ ਦਰਜ ਕੀਤੇ ਗਏ ਹਨ ਤੇ 718 ਮਰੀਜ਼ ਇਸ ਮਹਾਮਾਰੀ ਤੋਂ ਜੰਗ ਹਾਰ ਗਏ ਹਨ।

ਇਟਲੀ ’ਚ ਹੁਣ ਤੱਕ ਕੁੱਲ 1,13,579 ਲੋਕਾਂ ਨੂੰ ਇਸ ਭਿਆਨਕ ਮਹਾਮਾਰੀ ਨੇ ਸਦਾ ਲਈ ਮੌਤ ਦੀ ਗੂੜ੍ਹੀ ਨੀਂਦ ਸੁਆ ਦਿੱਤਾ ਹੈ। ਦੱਸਣਯੋਗ ਹੈ ਕਿ ਇਟਲੀ ’ਚ ਜਦੋਂ ਤੋਂ ਕੋਰੋਨਾ ਵਾਇਰਸ ਨੇ ਪੈਰ ਪਸਾਰੇ ਸਨ, ਉਸ ਦਿਨ ਤੋਂ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਮਹਾਮਾਰੀ ਕਾਰਨ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪੈ ਗਏ ਹਨ, ਜਿਸ ਕਾਰਨ ਦੇਸ਼ ਦੀ ਆਰਥਿਕਤਾ ਬਹੁਤ ਮੰਦਹਾਲੀ ’ਚੋਂ ਲੰਘ ਰਹੀ ਹੈ। ਭਾਵੇਂ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਭੱਵਿਖ ਪ੍ਰਤੀ ਡੂੰਘੀਆਂ ਚਿੰਤਾਵਾਂ ਦਾ ਝੋਰਾ ਵੱਢ-ਵੱਢ ਖਾ ਰਿਹਾ ਹੈ। ਕਈ ਲੋਕਾਂ ਵੱਲੋਂ ਬੀਤੇ ਸਮੇਂ ’ਚ ਸੜਕਾਂ ’ਤੇ ਆ ਕੇ ਸਰਕਾਰ ਪ੍ਰਤੀ ਰੋਸ ਦਾ ਮੁਜ਼ਾਹਰਾ ਵੀ ਕੀਤਾ ਜਾ ਚੁੱਕਾ ਹੈ।


Anuradha

Content Editor Anuradha