ਅਮਰੀਕਾ ''ਚ ਕੋਰੋਨਾ ਦੀ ਭਿਆਨਕ ਤਸਵੀਰ, ਇਕ ਦਿਨ ''ਚ 4,000 ਮੌਤਾਂ
Friday, Jan 08, 2021 - 11:19 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਦੁਨੀਆ ਦੇ ਤਾਕਤਵਰ ਦੇਸ਼ਾਂ ਵਿਚੋਂ ਇਕ ਅਮਰੀਕਾ ਵਿਚ ਇਸ ਸਮੇਂ ਕਾਫੀ ਸਮੱਸਿਆਵਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਜਿੱਥੇ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਪੈਦਾ ਹੋਈ ਹੈ। ਉੱਥੇ ਹੀ, ਕੋਰੋਨਾ ਵਾਇਰਸ ਮਹਾਮਾਰੀ ਦੇਸ਼ ਵਿਚ ਵਾਇਰਸ ਦੀ ਲਾਗ ਦੇ ਨਾਲ ਮੌਤਾਂ ਦਾ ਤੂਫ਼ਾਨ ਲਿਆ ਰਹੀ ਹੈ। ਇਸ ਹਫ਼ਤੇ ਸੰਯੁਕਤ ਰਾਜ ਨੇ ਇਕ ਦਿਨ "ਚ ਹੋਣ ਵਾਲੀਆਂ ਰਿਕਾਰਡ ਕੋਰੋਨਾ ਮੌਤਾਂ ਦੀ ਰਿਪੋਰਟ ਕੀਤੀ ਹੈ।
ਜੌਹਨ ਹੌਪਿੰਕਨਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਬੁੱਧਵਾਰ ਨੂੰ 3,865 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ,ਜਿਸ ਨਾਲ ਦੇਸ਼ ਵਿਚ ਕੁੱਲ ਮਿਲਾ ਕੇ ਤਕਰੀਬਨ 3,61,123 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ, ਸੰਕ੍ਰਮਿਤ ਲੋਕਾਂ ਦੀ ਗਿਣਤੀ ਵੀ 21.2 ਮਿਲੀਅਨ ਤੋਂ ਵੱਧ ਤੱਕ ਪਹੁੰਚ ਗਈ ਹੈ। ਇਸ ਗਿਣਤੀ ਵਿਚ ਵਾਧੇ ਨਾਲ ਹਸਪਤਾਲ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਨਾਲ ਭਰ ਰਹੇ ਹਨ ਅਤੇ ਕੋਵਿਡ ਟਰੈਕਰ ਪ੍ਰੋਜੈਕਟ ਅਨੁਸਾਰ ਬੁੱਧਵਾਰ ਨੂੰ 1,32,476 ਮਰੀਜ਼ ਹਸਪਤਾਲਾਂ ਵਿਚ ਜ਼ੇਰੇ ਇਲਾਜ ਸਨ।
ਇਸ ਦੌਰਾਨ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਭਵਿੱਖਬਾਣੀ ਕਰਦਿਆਂ ਦੱਸਿਆ ਕਿ ਜਨਵਰੀ ਮਹੀਨਾ ਮਹਾਮਾਰੀ ਦੇ ਪ੍ਰਭਾਵਾਂ ਲਈ ਵਿਨਾਸ਼ਕਾਰੀ ਰਹੇਗਾ, ਇੱਥੋਂ ਤੱਕ ਕਿ ਫੈਡਰਲ ਸਰਕਾਰ ਦੇ ਟੈਸਟਿੰਗ, ਸੰਪਰਕ ਟਰੇਸਿੰਗ, ਨਿਗਰਾਨੀ ਅਤੇ ਟੀਕਿਆਂ ਲਈ 22 ਬਿਲੀਅਨ ਡਾਲਰ ਅਲਾਟ ਕਰਨ ਦੇ ਬਾਵਜੂਦ ਮਹੀਨੇ ਦੇ ਅੰਤ ਤੱਕ ਮੌਤਾਂ ਦੀ ਕੁੱਲ ਗਿਣਤੀ 4,05,000 ਤੋਂ 4,38,000 ਤੱਕ ਹੋ ਸਕਦੀ ਹੈ। ਹਾਲਾਂਕਿ ਨੈਸ਼ਨਲ ਇੰਸਟੀਚਿਊਟ ਫ਼ਾਰ ਐਲਰਜੀ ਅਤੇ ਛੂਤ ਦੀ ਬੀਮਾਰੀ ਦੇ ਨਿਰਦੇਸ਼ਕ ਡਾ. ਐਂਥਨੀ ਫੌਸ਼ੀ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਟੀਕਾਕਰਨ ਵਧਾ ਸਕਦਾ ਹੈ।