ਜਰਮਨੀ ’ਚ ਕੋਰੋਨਾ ਦਾ ਕਹਿਰ, ਰੋਗ ਕੰਟਰੋਲ ਕੇਂਦਰ ਨੇ ਨਾਗਰਿਕਾਂ ਨੂੰ ਕੀਤੀ ਇਹ ਅਪੀਲ

Friday, Nov 12, 2021 - 05:08 PM (IST)

ਜਰਮਨੀ ’ਚ ਕੋਰੋਨਾ ਦਾ ਕਹਿਰ, ਰੋਗ ਕੰਟਰੋਲ ਕੇਂਦਰ ਨੇ ਨਾਗਰਿਕਾਂ ਨੂੰ ਕੀਤੀ ਇਹ ਅਪੀਲ

ਬਰਲਿਨ (ਏ. ਪੀ.)-ਜਰਮਨੀ ’ਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੁੜ ਉੱਭਰਨ ਕਾਰਨ ਇਥੋਂ ਦੇ ਰੋਗ ਕੰਟਰੋਲ ਕੇਂਦਰ ਨੇ ਲੋਕਾਂ ਨੂੰ ਵੱਡੇ ਸਮਾਗਮਾਂ ਦਾ ਆਯੋਜਨ ਜਾਂ ਅਜਿਹੇ ਸਮਾਗਮਾਂ ’ਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ ਹੈ ਤਾਂ ਲੋਕਾਂ ਵਿਚਾਲੇ ਆਪਸੀ ਸੰਪਰਕ ਘਟਾਇਆ ਜਾ ਸਕੇ। ਰਾਬਰਟ ਕੋਚ ਇੰਸਟੀਚਿਊਟ ਨੇ ਸ਼ੁੱਕਰਵਾਰ ਕਿਹਾ ਕਿ ਜਰਮਨੀ ’ਚ ਪਿਛਲੇ ਸੱਤ ਦਿਨਾਂ ਤੋਂ ਲਾਗ ਦੀ ਦਰ ਪ੍ਰਤੀ 1,00,000 ਲੋਕਾਂ ’ਚ 263.7 ਹੈ। ਪਹਿਲਾਂ ਇਹ ਦਰ 249.1 ਪ੍ਰਤੀ ਲੱਖ ਸੀ। ਪਹਿਲੀ ਵਾਰ ਵੀਰਵਾਰ ਨੂੰ ਇਥੇ ਲਾਗ ਦੇ ਰੋਜ਼ਾਨਾ 50,000 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਇਥੇ 48,640 ਨਵੇਂ ਮਾਮਲੇ ਸਾਹਮਣੇ ਆਏ।

ਜਰਮਨੀ ’ਚ ਲਾਗ ਕਾਰਨ 191 ਹੋਰ ਮੌਤਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 97,389 ਹੋ ਗਈ ਹੈ। ਰੋਗ ਕੰਟਰੋਲ ਕੇਂਦਰਾਂ ਨੇ ਵੀਰਵਾਰ ਜਾਰੀ ਕੀਤੀ ਆਪਣੀ ਹਫ਼ਤਾਵਾਰੀ ਰਿਪੋਰਟ ’ਚ ਕਿਹਾ, ‘‘ਜੇ ਸੰਭਵ ਹੋਵੇ ਤਾਂ ਵੱਡੇ ਸਮਾਗਮਾਂ ਨੂੰ ਰੱਦ ਕਰਨ ਅਤੇ ਹੋਰ ਬੇਲੋੜੇ ਸੰਪਰਕਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।’’


author

Manoj

Content Editor

Related News