ਕੈਲੀਫੋਰਨੀਆ ਜੇਲ੍ਹ 'ਚ ਕੋਰੋਨਾ ਦਾ ਪ੍ਰਕੋਪ, 3 ਵਿਚੋਂ 1 ਕੈਦੀ ਵਾਇਰਸ ਨਾਲ ਪੀੜਤ

01/13/2021 5:37:47 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸੂਬੇ ਕੈਲੀਫੋਰਨੀਆ ਦੀਆਂ ਜੇਲ੍ਹਾਂ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਸੂਬੇ ਦੀਆਂ ਜੇਲ੍ਹਾਂ ਵਿਚ ਵਾਇਰਸ ਦੇ ਪ੍ਰਕੋਪ ਦਾ ਤਾਜ਼ਾ ਮਾਮਲਾ ਸੈਨ ਲੂਇਸ ਓਬਿਸਪੋ ਦੇ ਬਾਹਰੀ ਹਿੱਸੇ ਵਿਚ ਸਥਿਤ ਕੈਲੀਫੋਰਨੀਆ ਪੁਰਸ਼ ਕਲੋਨੀ (ਸੀ. ਐੱਮ. ਸੀ) ਸਟੇਟ ਜੇਲ੍ਹ ਵਿਚ ਸਾਹਮਣੇ ਆਇਆ ਹੈ। ਇਸ ਜੇਲ੍ਹ ਵਿਚ ਸ਼ੁਰੂ ਹੋਏ ਵਾਇਰਸ ਦੇ ਪ੍ਰਕੋਪ ਕਾਰਨ ਪਿਛਲੇ ਹਫਤੇ ਦੇ ਅਖੀਰ ਵਿਚ ਲਗਭਗ ਤਿੰਨਾਂ ਵਿਚੋਂ ਇਕ ਕੈਦੀ ਕੋਰੋਨਾ ਨਾਲ ਪੀੜਤ ਹੋਇਆ ਹੈ। ਵਾਇਰਸ ਦੇ ਇਹ ਮਾਮਲੇ ਕੈਲੀਫੋਰਨੀਆ ਦੀਆਂ 34 ਜੇਲ੍ਹਾਂ ਅਤੇ ਹੋਰ ਸੁਧਾਰ ਸੁਵਿਧਾਵਾਂ ਵਿਚ ਮੌਜੂਦਾ ਕੋਰੋਨਾ ਮਾਮਲਿਆਂ ਵਿਚੋਂ ਸਭ ਤੋਂ ਵੱਧ ਹਨ। 

ਕੈਲੀਫੋਰਨੀਆ ਦੇ ਸੁਧਾਰ ਅਤੇ ਮੁੜ ਵਸੇਬੇ ਵਿਭਾਗ (ਸੀ. ਡੀ. ਸੀ. ਆਰ.) ਰਾਹੀਂ ਜਾਰੀ ਕੀਤੇ ਨਵੇਂ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਜੇਲ੍ਹ ਵਿਚ ਕੋਰੋਨਾ ਪੀੜਤ ਕੈਦੀਆਂ ਦੀ ਗਿਣਤੀ ਹਫ਼ਤੇ ਦੇ ਅੰਤ ਵਿਚ 1,120 ਸੀ ਜਦਕਿ ਚੌਚੀਲਾ ਵਿਚ ਜਨਾਨੀਆਂ ਦੀ ਜੇਲ੍ਹ ਵਿਚ ਇਸ ਦੀ ਤੁਲਨਾ "ਚ ਸੋਮਵਾਰ ਤੱਕ 414  ਮਾਮਲੇ ਦਰਜ ਕੀਤੇ ਗਏ ਹਨ। 

ਸੀ. ਡੀ. ਸੀ.ਆਰ. ਦੇ ਅੰਕੜਿਆਂ ਅਨੁਸਾਰ ਮਾਰਚ ਤੋਂ ਲੈ ਕੇ ਹੁਣ ਤੱਕ ਸੀ. ਐੱਮ. ਸੀ. ਵਿਖੇ ਕੁੱਲ 1,959 ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਅਪ੍ਰੈਲ ਵਿਚ ਇਸ ਜੇਲ੍ਹ "ਚ ਕੈਦੀਆਂ ਦਾ ਪਹਿਲਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਸੀ ਅਤੇ ਮਾਰਚ ਤੋਂ ਮਹਾਮਾਰੀ ਦੇ ਜ਼ਿਆਦਾ ਫੈਲਣ ਨਾਲ  ਸਤੰਬਰ ਵਿਚ ਦੋ ਕੈਦੀਆਂ ਦੀ ਮੌਤ ਹੋ ਗਈ ਸੀ। 

ਕੈਲੀਫੋਰਨੀਆ ਪੁਰਸ਼ ਕਲੋਨੀ ਜੇਲ੍ਹ ਜੋ ਕਿ ਹਾਈਵੇਅ 1 ਤੇ ਸੈਨ ਲੂਇਸ ਓਬਿਸਪੋ ਦੇ ਬਿਲਕੁਲ ਬਾਹਰ ਸਥਿਤ ਹੈ, ਵਿਚ ਲਗਭਗ 3,800 ਕੈਦੀ ਅਤੇ ਲਗਭਗ 1,800 ਦੇ ਕਰੀਬ ਸਟਾਫ਼ ਮੈਂਬਰ ਰਹਿੰਦੇ ਹਨ। ਕੈਦੀਆਂ ਦੇ ਇਲਾਵਾ ਕੁੱਲ 391 ਕਰਮਚਾਰੀਆਂ ਦੇ ਟੈਸਟ ਪਾਜ਼ੀਟਿਵ ਆਏ ਹਨ, ਜਿਨ੍ਹਾਂ ਵਿਚੋਂ ਤਕਰੀਬਨ 203 ਕਰਮਚਾਰੀ ਠੀਕ ਹੋਣ 'ਤੇ ਵਾਪਸ ਪਰਤ ਆਏ ਹਨ।


Lalita Mam

Content Editor

Related News