ਕੋਰੋਨਾ ਵਿਸਫੋਟ : ਆਸਟ੍ਰੇਲੀਆ ''ਚ 72,357 ਨਵੇਂ ਕੇਸ ਦਰਜ
Thursday, Jan 06, 2022 - 03:31 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ, ਸੰਨੀ ਚਾਂਦਪੁਰੀ): ਆਸਟ੍ਰੇਲੀਆ ਵਿੱਚ ਕੋਵਿਡ-19 ਦਾ ਕਹਿਰ ਲਗਾਤਾਰ ਜਾਰੀ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੇਸ਼ ਭਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਹਜਾਰਾਂ ਦੀ ਗਿਣਤੀ ਵਿੱਚ ਨਵੇਂ ਕੇਸ ਆ ਰਹੇ ਹਨ। ਦੇਸ਼ ਵਿੱਚ ਬੀਤੇ ਚੌਵੀ ਘੰਟਿਆਂ ਦੌਰਾਨ 72,357 ਨਵੇਂ ਕੇਸ ਦਰਜ ਕੀਤੇ ਗਏ ਹਨ ਤੇ ਐਕਟਿਵ ਕੇਸ 330,289 ਹਨ। ਖ਼ਬਰ ਲਿਖੇ ਜਾਣ ਤੱਕ ਕੁੱਲ ਦਰਜ ਹੋਏ ਕੇਸਾਂ ਦੀ ਗਿਣਤੀ 684,227 ਤੱਕ ਪਹੁੰਚ ਗਈ ਸੀ, ਜਿਸ ਕਾਰਨ ਮੁੱਖ ਸ਼ਹਿਰਾਂ 'ਚ ਟੈਸਟਿੰਗ ਕੇਦਰਾਂ 'ਤੇ ਕੋਰੋਨਾ ਟੈਸਟ ਕੀਤੇ ਜਾਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਰੋਜਾਨਾਂ ਲੰਬੀਆਂ ਕਤਾਰਾਂ 'ਚ ਅੰਦਾਜ਼ਨ ਤਿੰਨ ਤੋਂ ਚਾਰ ਘੰਟਿਆਂ ਦੀ ਉਡੀਕ ਕਰਨੀ ਪੈ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਅਤੇ ਜਾਪਾਨ ਨੇ 'ਇਤਿਹਾਸਕ' ਰੱਖਿਆ ਸੰਧੀ 'ਤੇ ਕੀਤੇ ਦਸਤਖ਼ਤ
ਮੌਜੂਦਾ ਸਮੇਂ ਨਤੀਜਿਆਂ ‘ਚ ਹੋ ਰਹੀ ਦੇਰੀ, ਰਿਪੋਰਟਾਂ ‘ਚ ਗਲਤੀਆਂ ਅਤੇ ਛੁੱਟੀਆਂ 'ਚ ਕੋਵਿਡ ਟੈਸਟਿੰਗ ਸੈਂਟਰਾਂ ਦੇ ਬੰਦ ਹੋਣ ਕਾਰਨ ਲੋਕਾਂ ‘ਚ ਸਰਕਾਰ ਅਤੇ ਸਿਹਤ ਵਿਭਾਗ ਪ੍ਰਤੀ ਭਾਰੀ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਦੇਸ਼ ਮੁੜ ਤਾਲਾਬੰਦੀ ਵੱਲ ਨਹੀਂ ਜਾਵੇਗਾ ਅਤੇ ਸਰਕਾਰ ਮੌਜੂਦਾ ਹਾਲਾਤ 'ਤੇ ਲਗਾਤਾਰ ਨਜ਼ਰਸਾਨੀ ਕਰ ਰਹੀ ਹੈ। ਉਹਨਾਂ ਨੇ ਹੋਰ ਕਿਹਾ ਕਿ ਟੈਸਟਿੰਗ ਕੇਦਰਾਂ ਤੋਂ ਦਬਾਅ ਘਟਾਉਣ ਲਈ ਸਰਕਾਰ ਯੋਗ ਵਿਅਕਤੀਆਂ ਨੂੰ ਰੈਪਿਡ ਐਂਟੀਜਨ ਟੈਸਟ ਮੁਫ਼ਤ ਉਪਲੱਬਧ ਕਰਵਾਉਣ ਜਾ ਰਹੀ ਹੈ, ਜਿਨ੍ਹਾਂ ਕੋਲ ਪੈਨਸ਼ਨ ਰਿਆਇਤ ਕਾਰਡ, ਕਾਮਨਵੈਲਥ ਸੀਨੀਅਰਜ਼ ਹੈਲਥਕੇਅਰ ਕਾਰਡ, ਡੀ.ਬੀ.ਏ ਗੋਲਡ, ਚਿੱਟਾ ਜਾਂ ਸੰਤਰੀ ਕਾਰਡ, ਹੈਲਥ ਕੇਅਰ ਕਾਰਡ, ਘੱਟ ਆਮਦਨੀ ਕਾਰਡ ਆਦਿ ਵਾਲੇ ਆਸਟ੍ਰੇਲੀਅਨ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਜਸਟਿਨ ਟਰੂਡੋ ਨੇ ਟੀਕਾਕਰਨ ਨਾ ਕਰਾਉਣ ਵਾਲਿਆਂ ਦੀ ਕੀਤੀ 'ਆਲੋਚਨਾ'
ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਬੰਦ ਹੋਏ ਬਹੁਤੇ ਟੈਸਟਿੰਗ ਸੈਂਟਰ ਅਗਲੇ ਹਫ਼ਤੇ ਖੁਲ੍ਹਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਲੋਕਾਂ ਦੀ ਕੋਰੋਨਾ ਟੈਸਟਿੰਗ ਦੀ ਵੱਧਦੀ ਮੰਗ ਦੇ ਚੱਲਦਿਆਂ ਸਿਹਤ ਵਿਭਾਗ ਵੀ ਭਾਰੀ ਦਬਾਅ ਹੇਠ ਹੈ। ਦੇਸ਼ ਭਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਕੋਰੋਨਾ ਕੇਸਾਂ ਵਿੱਚ ਇਜਾਫਾ ਹੋ ਸਕਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।