ਕੋਰੋਨਾ : ਚੀਨ ''ਤੇ ਵੱਡਾ ਖੁਲਾਸਾ, ਵੈਂਟੀਲੇਟਰ ਮਿਲਣ ''ਚ ਦੇਰੀ ਕਾਰਨ ਗਈਆਂ ਬਹੁਤੀਆਂ ਜਾਨਾਂ
Saturday, Apr 11, 2020 - 07:57 PM (IST)
ਬੀਜਿੰਗ (ਏਜੰਸੀ)- ਵੈਂਟੀਲੇਟਰ ਮਿਲਣ ਵਿਚ ਹੋਈ ਦੇਰੀ ਕਾਰਨ ਚੀਨ ਵਿਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ। ਇਕ ਅਧਿਐਨ ਮੁਤਾਬਕ ਚੀਨ ਵਿਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਵਿਚ ਸਿਰਫ 20 ਫੀਸਦੀ ਲੋਕਾਂ ਨੂੰ ਹੀ ਮਕੈਨੀਕਲ ਵੈਂਟੀਲੇਟਰ ਦੀ ਸਹੂਲਤ ਮਿਲ ਸਕੀ। ਦੱਸ ਦਈਏ ਕਿ ਵੈਂਟੀਲੇਟਰ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਮਕੈਨੀਕਲ ਵੈਂਟੀਲੇਸ਼ਨ ਅਤੇ ਦੂਜਾ ਨਾਨ ਇਨਵੇਸਿਵ ਵੈਂਟੀਲੇਸ਼ਨ। ਮਕੈਨੀਕਲ ਵੈਂਟੀਲੇਟਰ ਦੇ ਟਿਊਬ ਨੂੰ ਮਰੀਜ਼ ਦੇ ਸਾਹ ਦੀ ਨਲੀ ਨਾਲ ਜੋੜ ਦਿੱਤਾ ਜਾਂਦਾ ਹੈ, ਜੋ ਫੇਫੜੇ ਤੱਕ ਆਕਸੀਜਨ ਲਿਜਾਂਦਾ ਹੈ। ਦੂਜੇ ਤਰ੍ਹਾਂ ਦੇ ਵੈਂਟੀਲੇਟਰ ਨੂੰ ਸਾਹ ਨਲੀ ਨਾਲ ਨਹੀਂ ਜੋੜਿਆ ਜਾਂਦਾ ਹੈ, ਸਗੋਂ ਮੂੰਹ ਅਤੇ ਨੱਕ ਨੂੰ ਕਵਰ ਕਰਦੇ ਹੋਏ ਇਕ ਮਾਸਕ ਲਗਾਇਆ ਜਾਂਦਾ ਹੈ ਜਿਸ ਰਾਹੀਂ ਇਸ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਜਰਨਲ ਆਫ ਦਿ ਅਮਰੀਕਨ ਮੈਡੀਕਲ ਐਸੋਸੀਏਸ਼ਨ ਵਿਚ ਪ੍ਰਕਾਸ਼ਿਤ ਖੋਜ ਵਿਚ ਵੁਹਾਨ ਦੇ 21 ਹਸਪਤਾਲਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਵਿਚ ਪਤਾ ਲੱਗਾ ਹੈ ਕਿ 21 ਤੋਂ 30 ਜਨਵਰੀ ਦਰਮਿਆਨ ਕੋਰੋਨਾ ਨਾਲ ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਉਨ੍ਹਾਂ ਵਿਚ ਸਿਰਫ 168 ਮਰੀਜ਼ਾਂ ਨੂੰ ਹੀ ਸਾਹ ਲੈਣ ਵਿਚ ਸਹਾਇਤਾ ਦਿੱਤੀ ਗਈ। ਸਾਊਥਈਸਟ ਯੂਨੀਵਰਸਿਟੀ ਦੇ ਇਕ ਹਸਪਤਾਲ ਦੇ ਵਿਗਿਆਨੀਆਂ ਮੁਤਾਬਕ, ਜੇਕਰ ਹਸਪਤਾਲ ਵਿਚ ਦਾਖਲ ਸਾਰੇ ਮਰੀਜ਼ਾਂ ਨੂੰ ਆਕਸੀਜਨ ਥੈਰੇਪੀ ਦਿੱਤੀ ਗਈ, ਪਰ ਸਿਰਫ 46 ਮਰੀਜ਼ਾਂ ਨੂੰ ਮਰਨ ਤੋਂ ਪਹਿਲਾਂ ਨੱਕ ਜਾਂ ਫੇਸ ਮਾਸਕ ਰਾਹੀਂ ਆਕਸੀਜਨ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਕ ਤਿਹਾਈ ਮਰੀਜ਼ਾਂ ਨੂੰ ਹਾਈ ਫਲੋਨੇਜਲ ਆਕਸੀਜਨ ਥੈਰੇਪੀ ਦਿੱਤੀ ਗਈ, ਜਦੋਂ ਕਿ 72 ਮਰੀਜ਼ਾਂ ਨੂੰ ਨਾਨ ਇਨਵੇਸਿਵ ਵੈਂਟੀਲੇਸ਼ਨ ਦਿੱਤਾ ਗਿਆ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਿਰਫ 34 ਮਰੀਜ਼ਾਂ ਨੂੰ ਨਲੀ ਨਾਲ ਆਕਸੀਜਨ ਜਾਂ ਮਕੈਨੀਕਲ ਵੈਂਟੀਲੇਸ਼ਨ ਦਿੱਤਾ ਗਿਆ।