ਅਮਰੀਕਾ ''ਚ ਭਾਰਤੀ ਮੂਲ ਦੇ ਕਈ ਡਾਕਟਰ ਕੋਰੋਨਾ ਦੀ ਲਪੇਟ ''ਚ, ਧੀ ਮਗਰੋਂ ਪਿਤਾ ਦੀ ਵੀ ਮੌਤ

05/08/2020 6:55:10 PM

ਨਿਊਯਾਰਕ (ਏਜੰਸੀ)- ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਜੰਗ ਵਿਚ ਭਾਰਤੀ ਮੂਲ ਦੇ ਸਰਜਨ ਸਤੇਂਦਰ ਦੇਵ ਖੰਨਾ ਅਤੇ ਉਨ੍ਹਾਂ ਦੀ ਡਾ. ਧੀ ਪ੍ਰਿਯਾ ਖੰਨਾ ਦੀ ਮੌਤ ਹੋ ਗਈ। ਦੋਵੇਂ ਕੋਰੋਨਾ ਦੀ ਲਪੇਟ ਵਿਚ ਆ ਗਏ ਸਨ। ਸੂਬੇ ਦੇ ਗਵਰਨਰ ਫਿਲ ਮਰਫੀ ਨੇ ਡਾਕਟਰ ਪਿਤਾ-ਪੁੱਤਰੀ ਦੀ ਦੇਹਾਂਤ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੂਜਿਆਂ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਅਸੀਂ ਸ਼ਬਦਾਂ ਵਿਚ ਆਪਣੀ ਹਮਦਰਦੀ ਜ਼ਾਹਿਰ ਨਹੀਂ ਕਰ ਸਕਦੇ। ਓਧਰ ਅਮਰੀਕੀ ਐਸੋਸੀਏਸ਼ਨ ਆਫ ਫਿਜ਼ੀਸ਼ੀਅਲ ਆਫ ਇੰਡੀਅਨ ਓਰੀਜਨ (ਏ.ਏ.ਪੀ.ਆਈ.) ਦੇ ਸਕੱਤਰ ਰਵੀ ਕੋਹਲੀ ਨੇ ਕਿਹਾ ਸੀ ਕਿ ਭਾਰਤੀ ਮੂਲ ਦੇ ਕਈ ਡਾਕਟਰ ਕੋਰੋਨਾ ਦੀ ਲਪੇਟ ਵਿਚ ਹਨ। ਇਨਫੈਕਟਿਡ ਹੋਏ ਜ਼ਿਆਦਾਤਰ ਡਾਕਟਰ ਨਿਊਯਾਰਕ ਅਤੇ ਨਿਊਜਰਸੀ ਤੋਂ ਦੱਸੇ ਜਾ ਰਹੇ ਹਨ। ਏ.ਏ.ਪੀ.ਆਈ. 80 ਹਜ਼ਾਰ ਤੋਂ ਜ਼ਿਆਦਾ ਭਾਰਤੀ ਮੂਲ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਦਾ ਹੈ।

78 ਸਾਲਾ ਸਤੇਂਦਰ ਦੇਵ ਖੰਨਾ ਨਿਊਜਰਸੀ ਦੇ ਕਈ ਹਸਪਤਾਲਾਂ ਵਿਚ ਸਰਜੀਕਲ ਵਿਭਾਗ ਦੇ ਮੁਖੀ ਸਨ। ਜਦੋਂ ਕਿ ਉਨ੍ਹਾਂ ਦੀ 43 ਸਾਲ ਦੀ ਧੀ ਪ੍ਰਿਯਾ ਖੰਨਾ ਯੂਨੀਅਨ ਹਸਪਤਾਲ ਵਿਚ ਚੀਫ ਆਫ ਰੈਜ਼ੀਡੈਂਟਸ ਸੀ। ਖੰਨਾ ਦਾ ਪੂਰਾ ਪਰਿਵਾਰ ਡਾਕਟਰੀ ਕਿੱਤੇ ਨਾਲ ਜੁੜਿਆ ਹੈ। ਸਤੇਂਦਰ ਦਾ ਦੇਹਾਂਤ ਜਿਸ ਕਲਾਰਾ ਮਾਸ ਮੈਡੀਕਲ ਸੈਂਟਰ ਵਿਚ ਹੋਇਆ, ਉਥੇ ਉਨ੍ਹਾਂ ਨੇ 35 ਸਾਲ ਤੋਂ ਜ਼ਿਆਦਾ ਸਮੇਂ ਤੱਕ ਕੰਮ ਕੀਤਾ ਸੀ। ਇਸੇ ਹਸਪਤਾਲ ਵਿਚ ਪ੍ਰਿਯਾ ਦੀ ਵੀ ਮੌਤ ਹੋਈ। ਉਹ ਵੀ ਇਸ ਹਸਪਤਾਲ ਵਿਚ ਕੰਮ ਕਰ ਚੁੱਕੀ ਸੀ। ਪ੍ਰਿਯਾ ਨੇ ਨਿਊਜਰਸੀ ਵਿਚ ਹੀ ਆਪਣੀ ਸਾਰੀ ਮੈਡੀਕਲ ਟ੍ਰੇਨਿੰਗ ਕੀਤੀ ਸੀ। ਇਸ ਤੋਂ ਬਾਅਦ ਉਹ ਨੇਫ੍ਰੋਲਾਜੀ ਵਿਚ ਫੈਲੋਸ਼ਿਪ ਲਈ ਕੂਪਰ ਹੈਲਥ ਸਿਸਟਮ ਨਾਲ ਜੁੜੀ ਸੀ। ਉਹ ਅਸੈਕਸ ਕਾਊਂਟੀ ਦੇ ਦੋ ਡਾਇਲਿਸਿਸ ਸੈਂਟਰ ਦੀ ਮੈਡੀਕਲ ਡਾਇਰੈਕਟਰ ਵੀ ਸੀ। ਉਨ੍ਹਾਂ ਦੀ ਮੌਤ ਅਪ੍ਰੈਲ ਮਹੀਨੇ ਵਿਚ ਹੋਈ।

ਗਵਰਨਰ ਮਰਫੀ ਨੇ ਸਤੇਂਦਰ ਦੀ ਪਤਨੀ ਕੋਮਲਿਸ਼ ਖੰਨਾ ਨਾਲ ਵੀ ਗੱਲ ਕੀਤੀ। ਕੋਮਲਿਸ਼ ਬੱਚਿਆਂ ਦੇ ਡਾਕਟਰ ਹਨ। ਜੋੜੇ ਦੀਆਂ ਦੋ ਧੀਆਂ ਸੁਗੰਧਾ ਅਤੇ ਅਨੀਸ਼ ਵੀ ਡਾਕਟਰ ਹੈ। ਨਿਊਯਾਰਕ ਦੇ ਇਕ ਹਸਪਤਾਲ ਵਿਚ ਕੋਰੋਨਾ ਰੋਗੀਆਂ ਦਾ ਇਲਾਚ ਕਰਦੇ ਇਨਫੈਕਟਿਡ ਹੋਣ ਵਾਲੀ 61 ਸਾਲਾ ਮਾਧਵੀ ਦੀ ਅਪ੍ਰੈਲ ਦੇ ਮਹੀਨੇ ਵਿਚ ਮੌਤ ਹੋ ਗਈ। ਉਹ ਕੇਰਲ ਦੀ ਰਹਿਣ ਵਾਲੀ ਸੀ। ਉਹ ਆਪਣੇ ਅੰਤਿਮ ਸਮੇਂ ਵਿਚ ਆਪਣੀ ਧੀ ਅਤੇ ਪਤੀ ਨਾਲ ਮਿਲ ਵੀ ਨਹੀਂ ਸਕੀ ਸੀ। ਮਾਧਵੀ ਦਾ ਪਰਿਵਾਰ (ਉਨ੍ਹਾਂ ਦੇ ਪਤੀ ਅਤੇ ਧੀ) ਨੂੰ ਲਗਦਾ ਹੈ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।

ਨਿਊਯਾਰਕ ਦੇ ਬੁਕਲਿਨ ਦੇ ਵੁਡਹਲ ਹਸਪਤਾਲ ਦੇ ਐਮਰਜੈਂਸੀ ਰੂਮ ਵਿਚ ਕੰਮ ਕਰਨ ਵਾਲੀ ਮਾਧਵੀ ਨੇ ਮੈਸੇਜ ਵਿਚ ਪਤੀ ਅਤੇ ਧੀ ਨੂੰ ਦੱਸਿਆ ਸੀ ਕਿ ਉਹ ਕੋਰੋਨਾ ਨਾਲ ਇਨਫੈਕਟਿਡ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ। ਉਨ੍ਹਾਂ ਨੇ ਇਕ ਹੈਰਾਨ ਕਰਨ ਵਾਲੀ ਗੱਲ ਇਹ ਦੱਸੀ ਸੀ ਕਿ ਹਸਪਤਾਲ ਵਲੋਂ ਉਨ੍ਹਾਂ ਨੂੰ ਸਿਰਫ ਇਕ ਸਰਜੀਕਲ ਮਾਸਕ ਦਿੱਤਾ ਗਿਆ ਹੈ। ਇਹ ਮਾਸਕ ਹਵਾ ਰਾਹੀਂ ਫੈਲਣ ਵਾਲੇ ਇਨਫੈਕਸ਼ਨ ਤੋਂ ਬਚਾਅ ਨਹੀਂ ਕਰਦਾ। ਉਹ ਜੀਵਨ ਦੇ ਆਖਰੀ ਸਮੇਂ ਵਿਚ ਸਿਰਫ ਮੋਬਾਇਲ ਰਾਹੀਂ ਹੀ ਆਪਣੇ ਪਰਿਵਾਰ ਨਾਲ ਸੰਪਰਕ ਕਰ ਸਕਦੀ ਸੀ।


Sunny Mehra

Content Editor

Related News