ਪਾਕਿ: ਕਤਲ ਦੇ ਦੋਸ਼ੀ ਨੇ ਜੇਲ੍ਹ ''ਚੋਂ ਪ੍ਰੀਖਿਆ ’ਚ ਕੀਤਾ ਟਾਪ, ਇਨਾਮ ਵਜੋਂ ਮਿਲਿਆ ਇਹ ਮੌਕਾ

Wednesday, Jan 26, 2022 - 06:25 PM (IST)

ਪਾਕਿ: ਕਤਲ ਦੇ ਦੋਸ਼ੀ ਨੇ ਜੇਲ੍ਹ ''ਚੋਂ ਪ੍ਰੀਖਿਆ ’ਚ ਕੀਤਾ ਟਾਪ, ਇਨਾਮ ਵਜੋਂ ਮਿਲਿਆ ਇਹ ਮੌਕਾ

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਇਸ ਦੱਖਣੀ ਸ਼ਹਿਰ ਦੀ ਕੇਂਦਰੀ ਜੇਲ੍ਹ ਵਿਚ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ 35 ਸਾਲਾ ਵਿਅਕਤੀ ਨੂੰ ਇੰਟਰਮੀਡੀਏਟ ਪ੍ਰੀਖਿਆ ਵਿਚ ਟਾਪ ਕਰਨ ਦੇ ਇਨਾਮ ਵਜੋਂ 5 ਸਾਲ ਬਾਅਦ ਆਪਣੀ ਮਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਸਈਦ ਨਸੀਮ ਸ਼ਾਹ ਦੀ ਇੱਛਾ ਪਿਛਲੇ ਸੋਮਵਾਰ ਨੂੰ ਉਦੋਂ ਪੂਰੀ ਹੋਈ, ਜਦੋਂ ਉਸ ਦੀ ਮਾਂ, ਜਿਸ ਨੇ ਪਿਛਲੇ 5 ਸਾਲਾਂ ਤੋਂ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ, ਨੇ ਕਰਾਚੀ ਦੀ ਕੇਂਦਰੀ ਜੇਲ੍ਹ ਵਿਚ ਜਾ ਕੇ ਉਸ ਨਾਲ ਮੁਲਾਕਾਤ ਕੀਤੀ। ਸ਼ਾਹ ਨੂੰ ਕਰਾਚੀ ਵਿਚ ਪਿਛਲੇ ਸਾਲ ਇੰਟਰਮੀਡੀਏਟ ਪ੍ਰੀਖਿਆ ਵਿਚ ਪ੍ਰਾਈਵੇਟ ਉਮੀਦਵਾਰਾਂ-ਯਾਨੀ ਗੈਰ-ਰਵਾਇਤੀ ਵਿਦਿਆਰਥੀਆਂ ਵਿਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਵੱਲੋਂ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਸੀ। ਉਸ ਨੇ ਪਾਕਿਸਤਾਨ ਦੇ ਚਾਰਟਰਡ ਅਕਾਊਂਟੈਂਟਸ ਦੇ ਇੰਸਟੀਚਿਊਟ ਤੋਂ ਅਗਲੇਰੀ ਪੜ੍ਹਾਈ ਲਈ 1 ਲੱਖ ਰੁਪਏ ਦੀ ਪਾਕਿਸਤਾਨੀ ਸਕਾਲਰਸ਼ਿਪ ਵੀ ਜਿੱਤੀ ਹੈ।

ਇਹ ਵੀ ਪੜ੍ਹੋ: ਕੜਾਕੇ ਦੀ ਠੰਡ 'ਚ ਭਾਰਤੀਆਂ ਦੀ ਮੌਤ ਦਾ ਮਾਮਲਾ: ਬਿਨਾਂ ਮੁਚੱਲਕੇ ਦੇ ਜੇਲ੍ਹ ’ਚੋਂ ਰਿਹਾਅ ਹੋਇਆ ਮਨੁੱਖੀ ਤਸਕਰੀ ਦਾ ਦੋਸ਼ੀ

ਜੇਲ੍ਹ ਦੇ ਡਿਪਟੀ ਸੁਪਰਡੈਂਟ ਸਈਦ ਸੂਮਰੋ ਨੇ ਕਿਹਾ, ‘ਅਸੀਂ ਉਸ ਦੀਆਂ ਅਕਾਦਮਿਕ ਪ੍ਰਾਪਤੀਆਂ ਕਾਰਨ ਉਸ ਨੂੰ ਉਸ ਦੀ ਮਾਂ ਨਾਲ ਆਹਮੋ-ਸਾਹਮਣੇ ਮਿਲਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਸ਼ਾਹ ਨੇ ਬੇਨਤੀ ਕੀਤੀ ਸੀ ਕਿ ਉਹ ਆਪਣੀ ਮਾਂ ਅਤੇ ਭੈਣ ਨੂੰ ਮਿਲਣਾ ਚਾਹੁੰਦਾ ਹੈ। ਸੂਮਰੋ ਨੇ ਕਿਹਾ ਇਹ ਇਕ ਭਾਵਨਾਤਮਕ ਪਲ ਸੀ ਜਦੋਂ ਉਹ ਰੋਏ ਅਤੇ ਇਕ-ਦੂਜੇ ਨੂੰ ਗਲੇ ਲਗਾਇਆ। ਸ਼ਾਹ ਆਪਣੀ ਮਾਂ ਤੋਂ ਮਾਫ਼ੀ ਮੰਗਲਣ ਲਈ ਉਨ੍ਹਾਂ ਦੇ ਪੈਰਾਂ ’ਤੇ ਡਿੱਗ ਪਿਆ। ਸ਼ਾਹ ਨੇ ਜੇਲ੍ਹ ਤੋਂ ਪ੍ਰਾਈਵੇਟ ਵਿਦਿਆਰਥੀ ਦੇ ਰੂਪ ਵਿਚ ਇੰਟਰਮੀਡੀਏਟ ਪ੍ਰੀਖਿਆ ਵਿਚ ਟਾਪ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ’ਚ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ

ਸ਼ਾਹ ਨੇ ਪੀ.ਟੀ.ਆਈ. ਵੱਲੋਂ ਜੇਲ੍ਹ ਅਧਿਕਾਰੀਆਂ ਨੂੰ ਭੇਜੀ ਇਕ ਈਮੇਲ ਦਾ ਜਵਾਬ ਦਿੰਦੇ ਹੋਏ ਕਿਹਾ, ‘ਮੇਰੇ ਪੁਰਾਣੇ ਕੈਦੀ ਸਾਥੀਆਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਅਤੇ ਉਨ੍ਹਾਂ ਨੇ ਮੈਨੂੰ ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ ਅਤੇ ਤਿਆਰੀ ਵਿਚ ਵੀ ਮੇਰੀ ਮਦਦ ਕੀਤੀ।’ 2010 ਵਿਚ ਇਕ ਵਿਅਕਤੀ ਨੂੰ ਗੋਲੀ ਮਾਰਨ ਅਤੇ ਉਸ ਦਾ ਕਤਲ ਕਰਨ ਲਈ 2018 ਵਿਚ ਸ਼ਾਹ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸੋਮਰੋ ਦੇ ਅਨੁਸਾਰ, ਸ਼ਾਹ ਨੂੰ ਉਸ ਦੀਆਂ ਅਕਾਦਮਿਕ ਪ੍ਰਾਪਤੀਆਂ, ਚੰਗੇ ਵਿਵਹਾਰ ਅਤੇ ਖੂਨਦਾਨ ਦੇ ਨਾਲ-ਨਾਲ ਇਕ ਚੰਗੇ ਕੈਦੀ ਦੇ ਰੂਪ ਵਿਚ ਬਿਤਾਏ ਗਏ ਸਮੇਂ ਲਈ 6 ਸਾਲ ਦੇ ਸਮੇਂ ਵਿਚ ਰਿਹਾਅ ਕੀਤਾ ਜਾ ਸਕਦਾ ਹੈ। ਸਰਕਾਰ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਜਾਰੀ ਕੀਤੀ ਗਈ ਇਕ ਰਿਪੋਰਟ ਅਨੁਸਾਰ, ਪਾਕਿਸਤਾਨ ਦੀਆਂ 116 ਜੇਲ੍ਹਾਂ ਵਿਚ ਲਗਭਗ 87,000 ਕੈਦੀ ਹਨ, ਜਿਨ੍ਹਾਂ ਦੀ ਅਧਿਕਾਰਤ ਸਮਰੱਥਾ 65,168 ਕੈਦੀਆਂ ਦੀ ਹੈ। ਇਨ੍ਹਾਂ ਵਿਚ 1,400 ਮਹਿਲਾ ਕੈਦੀ ਅਤੇ ਹੋਰ 1,430 ਨਾਬਾਲਗ ਸ਼ਾਮਲ ਹਨ।

ਇਹ ਵੀ ਪੜ੍ਹੋ: ਇਸਤਾਂਬੁਲ ’ਚ ਬਰਫ਼ਬਾਰੀ ਕਾਰਨ ਹਜ਼ਾਰਾਂ ਸੈਲਾਨੀ ਫਸੇ, ਇੰਝ ਪਿਘਲਾਈ ਜਾ ਰਹੀ ਹੈ ਬਰਫ਼

ਸ਼ਾਹ ਨੂੰ ਸੀ.ਏ. ਸਕਾਲਰਸ਼ਿਪ ਲਈ ਯੋਗਤਾ ਪੂਰੀ ਕਰਨ ਲਈ ਪ੍ਰਵੇਸ਼ ਪ੍ਰੀਖਿਆ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਇਸ ਨੂੰ ਪਾਸ ਕਰ ਸਕਦਾ ਹੈ। ਸ਼ਾਹ ਨੇ ਕਿਹਾ ਕਿ ਜੇਲ੍ਹ ਵਿਚ ਜੇਕਰ ਤੁਹਾਡੇ ਕੋਲ ਅਜਿਹੇ ਕੈਦੀ ਅਤੇ ਜੇਲ੍ਹ ਅਧਿਕਾਰੀ ਹਨ, ਜੋ ਤੁਹਾਨੂੰ ਉਤਸ਼ਾਹਿਤ ਕਰ ਰਹੇ ਹਨ ਤਾਂ ਤੁਹਾਡੀ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਲ ਨਹੀਂ ਹੈ। ਪਰ ਮੈਂ ਆਪਣੀ ਮਾਂ ਨਾਲ ਰਹਿਣ ਲਈ ਰਿਹਾਅ ਹੋਣਾ ਚਾਹੁੰਦਾ ਹਾਂ ਅਤੇ ਆਪਣੀ ਪ੍ਰੀਖਿਆ ਦੇਣਾ ਪਸੰਦ ਕਰਾਂਗਾ। ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਇੰਟਰਮੀਡੀਏਟ ਪ੍ਰੀਖਿਆਵਾਂ ਵਿਚ ਚੋਟੀ ਦੇ ਚਾਰ ਅੰਕ ਪ੍ਰਾਪਤ ਕਰਨ ਵਾਲੇ ਚਾਰ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਪੇਸ਼ਕਸ਼ ਕਰਦੇ ਹਨ, ਭਾਵੇਂ ਉਹ ਜੇਲ੍ਹ ਵਿਚ ਹੋਣ ਜਾਂ ਬਾਹਰ। ਸ਼ਾਹ ਦੀ ਇਕ ਅਪੀਲ ਸਿੰਧ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ ਅਤੇ ਹਾਲ ਹੀ ਵਿਚ ਉਸਨੇ ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਮਾਫ਼ੀ ਲਈ ਅਪੀਲ ਕੀਤੀ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News