ਨਵੀਂ ਪੀੜ੍ਹੀ ਵਾਸਤੇ ਪੰਜਾਬੀ ਭਾਸ਼ਾ ਦਾ ਮਹੱਤਵ ਵਿਸ਼ੇ ''ਤੇ ਸੈਮੀਨਾਰ ਦਾ ਆਯੋਜਨ
Tuesday, Oct 01, 2019 - 11:49 PM (IST)

ਲੰਡਨ (ਰਾਜਵੀਰ ਸਮਰਾ)- ਯੂ.ਕੇ. ਦੇ ਸ਼ਹਿਰ ਗਰੇਵਜ਼ਇੰਡ ਦੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਲੈਕਚਰ ਥੀਏਟਰ 'ਚ ਚੜ੍ਹਦੀਕਲਾ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਵਾਸਤੇ ਪੰਜਾਬੀ ਭਾਸ਼ਾ ਦਾ ਮਹੱਤਵ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ 'ਚ ਕਈ ਨਾਮਵਰ ਵਿਦਵਾਨਾਂ ਨੇ ਸ਼ਿਰਕਤ ਕੀਤੀ, ਜਿਹਨਾਂ 'ਚ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ, ਕੁਲਵੰਤ ਕੌਰ ਢਿੱਲੋਂ, ਨਰਪਾਲ ਸਿੰਘ ਸ਼ੇਰਗਿੱਲ, ਸ਼ਿੰਦਰਪਾਲ ਸਿੰਘ, ਡਾ. ਬਲਦੇਵ ਸਿੰਘ ਕੰਦੋਲਾ ਤੇ ਬਲਵਿੰਦਰ ਸਿੰਘ ਚਾਹਲ ਦੇ ਨਾਮ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ। ਇਨ੍ਹਾਂ ਸਭ ਨੇ ਮਾਂ ਬੋਲੀ ਦੀ ਪਰਿਭਾਸ਼ਾ ਤੇ ਮਹੱਤਵ ਬਾਰੇ ਗੱਲ ਕੀਤੀ, ਉਥੋਂ ਹੀ ਪੰਜਾਬੀ ਬੋਲੀ ਦੇ ਮਹੱਤਵ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।
ਨਵੀਂ ਪੀੜ੍ਹੀ ਦੇ ਪੰਜਾਬੀ ਬੋਲੀ ਤੋਂ ਦੂਰ ਹੋਣ ਦੇ ਛੇ ਮੁੱਖ ਕਾਰਨਾਂ (ਸਮਾਜਿਕ, ਆਰਥਿਕ, ਸੱਭਿਆਚਾਰਕ, ਰਾਜਨੀਤਿਕ, ਤਕਨੀਕੀ ਤੇ ਮਨੋਵਿਗਿਆਨਕ) ਦੀ ਵਿਸਤਾਰ ਨਾਲ ਚਰਚਾ ਕਰਨ ਤੋਂ ਬਾਅਦ ਉਨ੍ਹਾਂ ਨੇ ਉਕਤ ਕਾਰਨਾਂ ਦੇ ਹੱਲ ਵਾਸਤੇ ਇਕ ਪੰਦਰਾਂ ਨੁਕਾਤੀ ਪ੍ਰੋਗਰਾਮ ਪੇਸ਼ ਕੀਤਾ ਤੇ ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਦੀ ਪਰੰਪਰਾਗਤ ਸਿੱਖਿਆ ਵਿਧੀ ਨੂੰ ਦੋਸ਼ਪੂਰਨ ਦੱਸਦਿਆਂ ਭਾਸ਼ਾ ਵਿਗਿਆਨਿਕ ਵਿਧੀ ਅਪਣਾਉਣ 'ਤੇ ਜ਼ੋਰ ਦਿੱਤਾ।
ਚੜ੍ਹਦੀਕਲਾ ਸਿੱਖ ਆਰਗੇਨਾਈਜ਼ੇਸ਼ਨ ਦੇ ਸਰਪ੍ਰਸਤ ਪਰਮਿੰਦਰ ਸਿੰਘ ਮੰਡ ਨੇ ਜਿੱਥੇ ਸੈਮੀਨਾਰ 'ਚ ਹਾਜ਼ਰ ਮਹਿਮਾਨਾਂ ਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਸਭਨਾ ਨੂੰ ਜੀ-ਆਇਆਂ ਆਖਿਆ।
ਉੱਥੇ ਇਸ ਦੇ ਨਾਲ ਹੀ ਆਰਗੇਨਾਈਜ਼ੇਸ਼ਨ ਦੇ ਉਦੇਸ਼ ਤੇ ਟੀਚਿਆਂ ਬਾਰੇ ਵੀ ਸੰਖੇਪ ਪਰ ਬਹੁਤ ਹੀ ਭਾਵਪੂਰਤ ਚਾਨਣਾ ਪਾਉਣ ਉਪਰੰਤ ਸੈਮੀਨਾਰ ਦੀ ਵਿਧੀਵਤ ਸ਼ੁਰੂਆਤ ਕਰਨ ਵਾਸਤੇ ਸਟੇਜ ਦੀ ਕਾਰਵਾਈ ਆਰਗੇਨਾਈਜ਼ੇਸ਼ਨ ਦੇ ਸਕੱਤਰ ਸਿਕੰਦਰ ਬਰਾੜ ਦੇ ਹਵਾਲੇ ਕੀਤੀ। ਸੈਮੀਨਾਰ ਦੀ ਸ਼ੁਰੂਆਤ ਪੰਜਾਬੀ ਦੇ ਨਾਮਵਰ ਵਿਦਵਾਨ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਦੇ ਖੋਜਮੂਲਕ ਪਰਚੇ “ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਨਾਲ ਕਿਵੇਂ ਜੋੜਿਆ ਜਾਵੇ” ਨਾਲ ਹੋਈ।