ਜਾਪਾਨੀ ਕਰੂਜ਼ ''ਤੇ ਸਵਾਰ ਭਾਰਤੀਆਂ ਦੀ ਹਾਲਤ ''ਚ ਹੋਇਆ ਸੁਧਾਰ: ਭਾਰਤੀ ਦੂਤਘਰ

02/15/2020 5:20:31 PM

ਟੋਕੀਓ- ਜਾਪਾਨ ਵਿਚ ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਕਿਹਾ ਕਿ ਜਾਪਾਨੀ ਤੱਟ ਦੇ ਕੋਲ ਇਕ ਕਰੂਜ਼ ਜਹਾਜ਼ 'ਤੇ ਸਵਾਰ ਤੇ ਕੋਰੋਨਾਵਾਇਰਸ ਨਾਲ ਪੀੜਤ ਤਿੰਨ ਭਾਰਤੀਆਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ ਤੇ ਇਸ ਜਹਾਜ਼ 'ਤੇ ਭਾਰਤੀਆਂ ਵਿਚ ਇੰਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਜਾਪਾਨ ਦੇ ਤੱਟ 'ਤੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪਹੁੰਚੇ ਇਸ ਜਹਾਜ਼ 'ਤੇ 3711 ਲੋਕਾਂ ਵਿਚ ਕੁੱਲ 138 ਭਾਰਤੀ ਹਨ। ਇਹਨਾਂ ਵਿਚ ਚਾਲਕ ਦਲ ਦੇ 132 ਮੈਂਬਰ ਤੇ 6 ਯਾਤਰੀ ਸ਼ਾਮਲ ਹਨ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ 'ਤੇ ਮੌਜੂਦ ਤਿੰਨ ਭਾਰਤੀਆਂ ਸਣੇ 218 ਲੋਕ ਘਾਤਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ। ਜਾਪਾਨ ਸਥਿਤ ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਜਾਪਾਨ ਦੇ ਤੱਟ 'ਤੇ ਖੜ੍ਹੇ ਇਸ ਜਹਾਜ਼ ਨੂੰ ਵੱਖਰਾ ਰੱਖੇ ਜਾਣ ਦੀ ਮਿਆਦ ਖਤਮ ਹੋਣ 'ਤੇ ਉਸ ਵਿਚ ਸਵਾਰ ਭਾਰਤੀਆਂ ਨੂੰ ਉਤਾਰਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਦੂਤਘਰ ਨੇ ਟਵੀਟ ਕੀਤਾ ਕਿ ਇਹ ਸੂਚਿਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੋਵਿਡ-19 ਨਾਲ ਪ੍ਰਭਾਵਿਤ ਤਿੰਨ ਭਾਰਤੀਆਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ ਤੇ ਜਹਾਜ਼ 'ਤੇ ਮੌਜੂਦ ਭਾਰਤੀਆਂ ਵਿਚ ਹੋਰ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਭਾਰਤੀ ਦੂਤਘਰ ਜਾਪਾਨੀ ਅਧਿਕਾਰੀਆਂ, ਜਹਾਜ਼ ਪ੍ਰਬੰਧਨ ਕੰਪਨੀ ਤੇ ਜਹਾਜ਼ ਵਿਚ ਸਵਾਰ ਭਾਰਤੀ ਨਾਗਰਿਕਾਂ ਨਾਲ ਸੰਪਰਕ ਵਿਚ ਹਨ। ਪਿਛਲੇ ਮਹੀਨੇ ਹਾਂਗਕਾਂਗ ਵਿਚ ਇਕ ਯਾਤਰੀ ਨੂੰ ਉਤਾਰੇ ਜਾਣ ਤੋਂ ਬਾਅਦ ਉਸ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਇਸ ਜਹਾਜ਼ ਨੂੰ ਵੱਖਰਾ ਰੱਖਿਆ ਗਿਆ ਹੈ। ਜਾਪਾਨੀ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ 80 ਜਾਂ ਉਸ ਤੋਂ ਵਧੇਰੇ ਉਮਰ ਦੇ ਯਾਤਰੀਆਂ ਵਿਚ ਕੋਵਿਡ-19 ਦੀ ਜਾਂਚ ਨੈਗੇਟਿਵ ਆਉਣ 'ਤੇ ਉਹਨਾਂ ਨੂੰ ਜਹਾਜ਼ ਤੋਂ ਉਤਾਰਣ ਦਾ ਬਦਲ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਭਾਰਤੀ ਇਸ ਲੜੀ ਵਿਚ ਨਹੀਂ ਹੈ। 


Baljit Singh

Content Editor

Related News