ਮਿਆਂਮਾਰ ਵਾਪਸੀ ਮਗਰੋਂ ਰੋਹਿੰਗਿਆ ਲੋਕ ਅਸਥਾਈ ਕੈਂਪਾਂ ਵਿਚ ਰਹਿਣਗੇ

11/25/2017 4:41:50 PM

ਨੇਪੀਡਾਓ (ਭਾਸ਼ਾ)— ਬੰਗਲਾਦੇਸ਼ ਅਤੇ ਮਿਆਂਮਾਰ ਵਿਚਕਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਭੇਜਣ ਲਈ ਹੋਏ ਸਮਝੌਤੇ ਮਗਰੋਂ ਮਿਆਂਮਾਰ ਵਾਪਸ ਪਰਤੇ ਰੋਹਿੰਗਿਆ ਸ਼ਰਨਾਰਥੀਆਂ ਨੂੰ ਸ਼ੁਰੂਆਤ ਵਿਚ ਅਸਥਾਈ ਕੈਪਾਂ ਵਿਚ ਰਹਿਣਾ ਹੋਵੇਗਾ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਐੱਚ. ਮਹਿਮੂਦ ਅਲੀ ਨੇ ਢਾਕਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਰੂ ਵਿਚ ਰੋਹਿੰਗਿਆ ਮੁਸਲਮਾਨਾਂ ਨੂੰ ਅਸਥਾਈ ਕੈਂਪਾਂ ਵਿਚ ਰੱਖਿਆ ਜਾਵੇਗਾ। ਸੰਯੁਕਤ ਰਾਸ਼ਟਰ ਮੁਤਾਬਕ ਅਗਸਤ ਤੋਂ 620000 ਰੋਹਿੰਗਿਆ ਸ਼ਰਨਾਰਥੀ ਬੰਗਲਾਦੇਸ਼ ਚਲੇ ਗਏ ਸਨ ਅਤੇ ਮਿਆਂਮਾਰ ਵਿਚ ਫੌਜੀ ਕਾਰਵਾਈ ਮਗਰੋਂ ਹੁਣ ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਵਿਚ ਰਹਿ ਰਹੇ ਹਨ। ਬੰਗਲਾਦੇਸ਼ ਅਤੇ ਮਿਆਂਮਾਰ ਨੇ ਵੀਰਵਾਰ ਨੂੰ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਸੰਬੰਧੀ ਸਮਝੌਤੇ 'ਤੇ ਦਸਤਖਤ ਕੀਤੇ ਸਨ। ਰੋਹਿੰਗਿਆ ਸ਼ਰਨਾਰਥੀਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਵੇਗਾ। ਸਮਝੌਤੇ ਦੇ ਤਹਿਤ ਮਿਆਂਮਾਰ 
ਉੱਤਰੀ ਰਖਾਇਨ ਸੂਬੇ ਵਿਚ ਸਧਾਰਨ ਸਥਿਤੀ ਬਹਾਲ ਕਰੇਗਾ ਅਤੇ ਮਿਆਂਮਾਰ ਗਏ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਆਪਣੇ ਘਰ ਪਰਤਣ ਲਈ ਉਤਸ਼ਾਹਿਤ ਕਰੇਗਾ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਦੀ ਸੰਸਥਾ ਨੇ ਕੱਲ ਸਮਝੌਤੇ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਸੀ,''ਫਿਲਹਾਲ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਸਥਿਤੀ ਸੁਰੱਖਿਅਤ ਅਤੇ ਟਿਕਾਊ ਵਾਪਸੀ ਦੇ ਲਾਇਕ ਨਹੀਂ ਹੈ।''


Related News