ਕਮਿਊਨਿਸਟ ਪਾਰਟੀ ਦੀ ਬੈਠਕ ਤੋਂ ਪਹਿਲਾਂ ਹੀ ਚੀਨ ''ਚ ਵਟਸਐਪ ''ਤੇ ਲੱਗੀ ਪਾਬੰਦੀ

09/26/2017 12:55:27 PM

ਬੀਜਿੰਗ(ਭਾਸ਼ਾ)—ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਗਲੇ ਮਹੀਨੇ ਹੋਣ ਜਾ ਰਹੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਦੀ ਅਹਿਮ ਬੈਠਕ ਲਈ ਤਿਆਰੀ ਕਰ ਰਹੇ ਚੀਨੀ ਅਧਿਕਾਰੀਆਂ ਨੇ ਸੈਂਸਰਸ਼ਿਪ ਨੂੰ ਮਜ਼ਬੂਤ ਕਰਨ ਦੇ ਕਦਮ ਦੇ ਤਹਿਤ ਮੈਸੇਜਿੰਗ ਐਪ 'ਵਟਸਐਪ' 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਬੈਠਕ ਵਿਚ ਰਾਸ਼ਟਰਪਤੀ ਸ਼ੀ ਚਿਨਫਿੰਗ ਨੂੰ 18 ਅਕਤੂਬਰ ਨੂੰ ਦੂਜੀ ਵਾਰ 5 ਸਾਲ ਲਈ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਜਾ ਸਕਦਾ ਹੈ। ਚੀਨ ਅਜਿਹੇ ਵੱਡੇ ਸਮਾਰੋਹ ਤੋਂ ਪਹਿਲਾਂ ਆਮ ਤੌਰ ਉੱਤੇ ਨਿਗਰਾਨੀ ਸਖਤ ਕਰ ਦਿੰਦਾ ਹੈ। ਦੱਸਣਯੋਗ ਹੈ ਕਿ ਸੀ. ਐਨ. ਐਨ ਮੁਤਾਬਕ ਓਪਨ ਆਬਜਰਵੇਟਰੀ ਆਫ ਨੈੱਟਵਰਕ ਇੰਟਰਫੇਰੇਂਸ (ਓ. ਓ. ਐਨ. ਆਈ.) ਨੇ ਸੋਮਵਾਰ ਰਾਤ ਨੂੰ ਦੱਸਿਆ ਕਿ ਚੀਨ ਵਿਚ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲਿਆਂ ਨੇ 23 ਸਤੰਬਰ ਤੋਂ ਵਟਸਐਪ ਦੀ ਸੇਵਾ ਬੰਦ ਕਰਨੀ ਸ਼ੁਰੂ ਕਰ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਚੀਨ ਦੇ ਯੂਜ਼ਰਸ ਨੇ ਹਾਲੀਆ ਦਿਨਾਂ ਵਿਚ ਫੇਸਬੁੱਕ ਦੀ ਇਸ ਸੇਵਾ ਵਿਚ ਵਿਆਪਕ ਅੜਚਨ ਆਉਣ ਦੀ ਰਿਪੋਰਟ ਕੀਤੀ ਹੈ। ਇੱਥੇ ਇਸ ਸੇਵਾ ਵਿਚ ਗਰਮੀਆਂ ਵਿਚ ਵੀ ਗੜਬੜੀ ਆ ਗਈ ਸੀ। ਲਿਖਤੀ ਮੈਸੇਜ, ਵਾਈਸ ਕਾਲ ਅਤੇ ਵੀਡੀਓ ਕਾਲ ਅੱਜ ਫਿਰ ਤੋਂ ਕੰਮ ਕਰਦੇ ਪ੍ਰਤੀਤ ਹੋਏ, ਹਾਲਾਂਕਿ ਐਪ ਜ਼ਰੀਏ ਵਾਈਸ ਮੈਸੇਜ ਅਤੇ ਤਸਵੀਰ ਹੁਣ ਵੀ ਨਹੀਂ ਜਾ ਪਾ ਰਹੀ ਹੈ। ਚੀਨ ਨੇ ਇਸ ਸਾਲ ਨਵੇਂ ਕਾਨੂੰਨਾਂ ਦੇ ਤਹਿਤ ਆਪਣੀ ਆਨਲਾਈਨ ਨਿਗਰਾਨੀ ਨੂੰ ਹੋਰ ਸਖਤ ਕੀਤਾ ਹੈ। ਫੇਸਬੁੱਕ ਅਤੇ ਟਵਿਟਰ ਵਰਗੀ ਵੈਬਸਾਈਟਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦੇਸ਼ੀ ਮੀਡੀਆ 'ਤੇ ਵੀ ਇੱਥੇ ਸਾਲਾਂ ਤੋਂ ਪਾਬੰਦੀ ਲਗਾਈ ਗਈ ਹੈ। 


Related News