ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ 24ਵੇਂ ਸਲਾਨਾ ਨਗਰ ਕੀਰਤਨ ਨੇ ਸਿਰਜ਼ਿਆ ਖਾਲਸਾਈ ਰੰਗ

Monday, Apr 16, 2018 - 06:11 PM (IST)

ਫਰਿਜ਼ਨੋ (ਨੀਟਾ ਮਾਛੀਕੇ)— ਕੈਲੀਫੋਰਨੀਆ ਵਿਚ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ ''ਸਿੱਖ ਸੈਂਟਰ ਆਫ ਪੈਸ਼ੀਫਿਕ ਕੌਸਟ'' ਵਿਖੇ ਸੈਂਟਰਲ ਵੈਲੀ ਵਿਖੇ ਵਿਸਾਖੀ ਨੂੰ ਸਮਰਪਿਤ 24ਵਾਂ ਵਿਸਾਲ ਨਗਰ ਕੀਰਤਨ ਹੋਇਆ। ਜਿਸ ਵਿਚ ਸਿੱਖ ਸੰਗਤਾਂ ਅਤੇ ਰਾਗੀ-ਢਾਡੀ, ਕਥਾ ਵਾਚਕ, ਕੀਰਤਨੀ ਜੱਥਿਆਂ ਨੇ ਸ਼ਿਰਕਤ ਕੀਤੀ। ਸਵੇਰ ਸਮੇਂ ਗੁਰੂਘਰ ਵਿਖੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਵਿਸ਼ੇਸ਼ ਸਮਾਗਮ ਹੋਏ। ਨਗਰ ਕੀਰਤਨ ਦੀ ਸ਼ੁਰੂਆਤ ਅਰਦਾਸ ਨਾਲ ਕਰਨ ਉਪਰੰਤ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆ ਸਟੇਟ ਦੇ ਝੰਡੇ ਸਜਾਏ ਗਏ। ਪਰ ਪੰਜਾਂ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਜੇ ਫਲੌਟ ਅਤੇ ਅਨੇਕਾਂ ਸਿੱਖ ਧਰਮ ਨਾਲ ਸੰਬੰਧਿਤ ਝਾਕੀਆਂ ਇਕ ਨਵੇਂ ਵਸੇ ਅਮੈਰੀਕਨ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਪ੍ਰਫੁੱਲਿਤ ਹੋਈ ਸਿੱਖੀ ਦੀ ਮੂੰਹ ਬੋਲਦੀ ਤਸਵੀਰ ਚਾਰ ਚੁਫੇਰੇ ਲਿਸ਼ਕਦੀਆਂ ਕੇਸਰੀ ਅਤੇ ਰੰਗ-ਬਰੰਗੀਆਂ ਪੱਗਾਂ ਅਤੇ ਚੁੰਨੀਆਂ ਦੁਆਰਾ ਆਮ ਦਿੱਸ ਰਹੀ ਸੀ। ਜਿਸ ਵਿਚ ਬੱਚਿਆਂ, ਬਜ਼ੁਰਗਾਂ ਤੋਂ ਇਲਾਵਾ ਸਮੂਹ ਧਰਮਾਂ ਦੀਆਂ ਸੰਗਤਾਂ ਨੇ ਰਲ ਕੇ ਹਾਜ਼ਰੀ ਭਰੀ। ਹੈਲੀਕਪਟਰ ਰਾਹੀ ਫੁੱਲਾਂ ਦੀ ਵਰਖਾ ਹੋ ਰਹੀ ਸੀ। 
ਨਗਰ ਕੀਰਤਨ ਦਾ ਦ੍ਰਿਸ਼ ਬਹੁਤ ਹੀ ਅਲੌਕਿਕ ਅਤੇ ਰੂਹਾਨੀ ਭਰਿਆ ਸੀ। ਸੰਗਤਾਂ ਪਾਲਕੀ ਸਾਹਿਬ ਦੇ ਮਗਰ ਵਾਹਿਗੁਰੂ ਸਿਮਰਨ ਅਤੇ ਸਬਦ ਗਾਇਨ ਕਰਦੀਆਂ ਜਾ ਰਹੀਆਂ ਸਨ।ਇਸੇ ਦੌਰਾਨ ਕਰਮਨ ਪੰਜਾਬੀ ਸਕੂਲ ਅਤੇ ਹੋਰ ਇਲਾਕੇ ਦੇ ਪੰਜਾਬੀ ਸਕੂਲਾਂ ਦੇ ਬੱਚੇ ਆਪਣੇ ਫਲੌਟਾਂ ਰਾਹੀਂ ਅਮੈਰੀਕਨ ਨਾਲ ਇਤਿਹਾਸਕ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸ ਨਗਰ ਕੀਰਤਨ ਦੌਰਾਨ ਮੁਫਤ ਵੱਖ-ਵੱਖ ਸੁਆਦੀ ਖਾਣੇ ਦੇ ਸਟਾਲ ਲੱਗੇ ਹੋਏ ਸਨ। ਜਿੰਨ੍ਹਾਂ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆ। ਇਸ ਤੋਂ ਇਲਾਵਾ ਵਸਤਾਂ ਅਤੇ ਰਸਤਾਂ ਦੀਆਂ ਦੁਕਾਨਾ ਵੀ ਭਾਰਤੀ ਮੇਲੇ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸ ਸਮੁੱਚੇ ਨਗਰ ਕੀਰਤਨ ਵਿਚ ਸੰਗਤਾਂ ਦੇ ਭਾਰੀ ਇਕੱਠ ਨੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਹਾਜ਼ਰੀਆਂ ਭਰੀਆਂ। ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆ ਅਤੇ ਮਜ਼ਬੂਤ ਕੀਤੇ ਗਏ ਸਨ ।ਇਸ ਤੋਂ ਇਲਾਵਾ ਇਲਾਕੇ ਭਰ ਦੇ ਗੁਰੂਘਰ ਅਤੇ ਸੰਗਤਾਂ ਵਧਾਈ ਦੀਆਂ ਪਾਤਰ ਹਨ। ਜਿੰਨ੍ਹਾਂ ਸਭ ਦੇ ਸਹਿਯੋਗ ਸਦਕਾ ਇਹ ਨਗਰ ਕੀਰਤਨ ਯਾਦਗਾਰੀ ਹੋ ਨਿਬੜਿਆ।


Related News