ਕੋਲੰਬੀਆ ''ਚ ਬੰਬ ਧਮਾਕਾ, 5 ਪੁਲਸ ਕਰਮਚਾਰੀਆਂ ਦੀ ਮੌਤ
Sunday, Jan 28, 2018 - 08:23 AM (IST)

ਬੋਗੋਟਾ— ਕੋਲੰਬੀਆ ਦੇ ਤਟਵਰਤੀ ਸ਼ਹਿਰ ਬਰਾਂਕਿਵਲਾ 'ਚ ਪੁਲਸ ਥਾਣੇ ਦੇ ਬਾਹਰ ਹੋਏ ਧਮਾਕੇ 'ਚ 5 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਹੋਰ 42 ਲੋਕ ਜ਼ਖਮੀ ਹੋ ਗਏ। ਪੁਲਸ ਕਮਾਂਡਰ ਬ੍ਰਿਗੇਡੀਅਰ ਜਨਰਲ ਮਾਰੀਆਨੋ ਡੀ ਲਾ ਕਰੂਜ਼ ਬੋਟੇਰੋ ਨੇ ਦੱਸਿਆ ਕਿ ਇਹ ਹਮਲਾ ਤਦ ਹੋਇਆ ਜਦ ਆਪਣੇ ਦਿਨ ਦੀ ਡਿਊਟੀ ਦਾ ਹੁਕਮ ਲੈਣ ਲਈ ਨੇੜਲੇ ਇਲਾਕੇ ਸੈਨ ਜੋਸ 'ਚ ਸਾਰੇ ਪੁਲਸਕਰਮਚਾਰੀ ਇਕੱਠੇ ਹੋਏ ਸਨ। ਉਨ੍ਹਾਂ ਨੇ ਸ਼ਹਿਰ 'ਚ ਕਿਰਿਆਸ਼ੀਲ ਅਪਰਾਧੀ ਗਿਰੋਹਾਂ ਦਾ ਹਵਾਲਾ ਦਿੰਦੇ ਹੋਏ ਕਿਹਾ,''ਸਾਨੂੰ ਲੱਗਦਾ ਹੈ ਕਿ ਹਾਲ 'ਚ ਚਲਾਈ ਗਈ ਮੁਹਿੰਮ ਦੌਰਾਨ ਗੰਭੀਰ ਰੂਪ ਤੋਂ ਪ੍ਰਭਾਵਿਤ ਅਪਰਾਧੀ ਗਿਰੋਹਾਂ ਨੇ ਗੁੱਸੇ 'ਚ ਇਸ ਘਟਨਾ ਦੇ ਸਿਲਸਿਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀ ਨੇ ਨਾ ਸਿਰਫ ਬੰਬ ਰੱਖਿਆ ਸੀ ਬਲਕਿ ਉਪਕਰਣ ਦੀ ਮਦਦ ਨਾਲ ਧਮਾਕੇ ਨੂੰ ਵੀ ਅੰਜਾਮ ਦਿੱਤਾ ਸੀ।
ਪੁਲਸ ਨੂੰ ਹੋਰ ਅਪਰਾਧੀਆਂ ਦੇ ਵੀ ਇਸ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਰਾਸ਼ਟਰਪਤੀ ਜੁਆਨ ਮੈਨੂਅਲ ਸੈਂਤੋਸ ਨੇ ਮਾਰੇ ਗਏ ਪੁਲਸਕਰਮਚਾਰੀਆਂ ਪ੍ਰਤੀ ਗਹਿਰਾ ਦੁੱਖ ਅਤੇ ਜ਼ਖਮੀ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ,''ਜਦ ਤਕ ਘਟਨਾ ਦੇ ਹਮਲਾਵਰਾਂ ਨੂੰ ਸਜ਼ਾ ਨਹੀਂ ਹੁੰਦੀ ਤਦ ਤਕ ਉਨ੍ਹਾਂ ਦੀ ਸਰਕਾਰ ਚੈਨ ਨਾਲ ਨਹੀਂ ਬੈਠੇਗੀ। ਕੋਲੰਬੀਆ 'ਚ ਕਈ ਅਪਰਾਧੀ ਗਿਰੋਹ ਕਿਰਿਆਸ਼ੀਲ ਹਨ। ਬਹੁਤ ਸਾਰੇ ਗਿਰੋਹ ਨਸ਼ੀਲੇ ਪਦਾਰਥ ਕੋਕੀਨ ਦੇ ਉਤਪਾਦਾਂ ਅਤੇ ਤਸਕਰੀ 'ਚ ਸ਼ਾਮਲ ਹਨ, ਜੋ ਕਿ ਵੱਡੇ ਪੈਮਾਨੇ 'ਤੇ ਅਮਰੀਕਾ ਅਤੇ ਯੂਰਪ ਭੇਜੀ ਜਾਂਦੀ ਹੈ। ਇਸ ਦੇ ਇਲਾਵਾ ਜ਼ਬਰਦਸਤੀ ਵਸੂਲੀ ਅਤੇ ਹੋਰ ਅਪਰਾਧਾਂ 'ਚ ਵੀ ਇਹ ਗਿਰੋਹ ਸ਼ਾਮਲ ਹਨ।