ਸਰਹੱਦਾਂ ਨੂੰ ਬੰਦ ਕਰਨ ਨਾਲ ਕਰੋਨਾ ਵਾਇਰਸ ਹੋਰ ਤੇਜ਼ੀ ਨਾਵ ਵੱਧ ਸਕਦੈ : ਡਬਲਿਊ.ਐਚ.ਓ.
Friday, Jan 31, 2020 - 11:36 PM (IST)

ਜਿਨੇਵਾ (ਏ.ਐਫ.ਪੀ.)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਸ਼ੁੱਕਰਵਾਰ ਨੂੰ ਸੁਚੇਤ ਕੀਤਾ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਹੱਦਾਂ ਨੂੰ ਬੰਦ ਕਰਨਾ ਸੰਭਵ ਤੌਰ 'ਤੇ ਕਾਰਗਰ ਨਹੀਂ ਹੋਵੇਗਾ ਸਗੋਂ ਇਸ ਤੋਂ ਹੋਰ ਤੇਜ਼ੀ ਨਾਲ ਵਾਇਰਸ ਫੈਲ ਸਕਦਾ ਹੈ। ਡਬਲਿਊ.ਐਚ.ਓ. ਦੀ ਬੁਲਾਰਣ ਕ੍ਰਿਸ਼ਚੀਅਨ ਲਿੰਡਮੀਅਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਤੁਸੀਂ ਅਧਿਕਾਰਤ ਤੌਰ 'ਤੇ ਸਰੱਹਦ ਬੰਦ ਕਰ ਦਿੰਦੇ ਹਨ ਉਦੋਂ ਤੁਸੀਂ ਲੋਕਾਂ 'ਤੇ ਨਜ਼ਰ ਰੱਖਣ (ਸਰਹੱਦ ਪਾਰ ਕਰਨ ਵਾਲਿਆਂ) ਦੀ ਵਿਵਸਥਾ ਤੋਂ ਖੁੰਝ ਜਾਂਦੇ ਹੋ। ਡਬਲਿਊ.ਐਚ.ਓ. ਨੇ ਵੀਰਵਾਰ ਨੂੰ ਸੰਸਾਰਕ ਸਿਹਤ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਸੀ ਪਰ ਕਿਹਾ ਕਿ ਉਹ ਕੌਮਾਂਤਰੀ ਵਪਾਰ ਜਾਂ ਯਾਤਰਾ ਪਾਬੰਦੀ ਦੀ ਸਿਫਾਰਸ਼ ਨਹੀਂ ਕਰਦਾ ਅਤੇ ਪਹਿਲਾਂ ਹੀ ਇਸ ਤਰ੍ਹਾਂ ਦੇ ਕਦਮ ਚੁੱਕਣ ਵਾਲੇ ਦੇਸ਼ਾਂ ਤੋਂ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਕਈ ਦੇਸ਼ਾਂ ਨੇ ਚੀਨ ਨੂੰ ਜੋੜਣ ਵਾਲੀਆਂ ਉਡਾਣਾਂ ਨੂੰ ਰੋਕ ਦਿੱਤਾ ਹੈ ਅਤੇ ਕਰੋਨਾ ਵਾਇਰਸ ਦੇ ਕੇਂਦਰ ਬਣੇ ਹੁਬੇਈ ਸੂਬੇ ਦੇ ਵੁਹਾਨ ਤੋਂ ਆਉਣ ਵਾਲੇ ਲੋਕਾਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ, ਲਿੰਡਮੀਅਰ ਨੇ ਚਿਤਾਵਨੀ ਦਿੱਤੀ ਕਿ ਸਰਹੱਦ ਬੰਦ ਕਰਕੇ ਅਤੇ ਚੀਨ ਤੋਂ ਆਉਣ ਵਾਲੇ ਲੋਕਾਂ ਨੂੰ ਰੋਕ ਕੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਦੇਸ਼ਾਂ 'ਤੇ ਇਸ ਦਾ ਉਲਟ ਅਸਰ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਾਰਕਿਕ ਕਦਮ ਹੋ ਸਕਦਾ ਹੈ ਕਿ ਖਤਰਾ ਬਾਹਰ ਤੋਂ ਆ ਰਿਹਾ ਹੈ ਅਤੇ ਇਸ ਲਈ ਅਸੀਂ ਖੁਦ ਨੂੰ ਬੰਦ ਕਰ ਲਈਏ ਪਰ ਦੂਜੇ ਨਜ਼ਰੀਏ ਨਾਲ ਦੇਖਣਾ ਚਾਹੀਏ ਇਬੋਲਾ ਹੋਵੇ ਜਾਂ ਹੋਰ ਮਾਮਲੇ ਲੋਕ ਯਾਤਰਾ ਕਰਨਾ ਚਾਹੁੰਦੇ ਹਨ।
ਜੇਕਰ ਅਧਿਕਾਰਤ ਰਾਸਤੇ ਨਹੀਂ ਖੁੱਲੇ ਹਨ ਤਾਂ ਉਹ ਅਣਅਧਿਕਾਰਤ ਰਸਤੇ ਨੂੰ ਅਪਣਾਉਂਦੇ ਹਨ। ਲਿੰਡਮੀਅਰ ਨੇ ਕਿਹਾ ਕਿ ਇਸ ਨੂੰ ਕੰਟਰੋਲ ਕਰਨ ਦਾ ਇਕ ਹੀ ਤਰੀਕਾ ਹੈ ਜਾਂਚ, ਉਦਾਹਰਣ ਲਈ ਬੁਖਾਰ, ਲੋਕਾਂ ਦੇ ਯਾਤਰਾ ਬਾਰੇ ਜਾਣਕਾਰੀ ਲੈਣ ਅਤੇ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਦੀ ਨਿਗਰਾਨੀ ਕਰਨ ਅਤੇ ਦੇਖੋ ਕਿ ਅਧਿਕਾਰਤ ਰਸਤੇ ਤੋਂ ਆਉਣ ਵਾਲਿਆਂ ਵਿਚ ਇਨਫੈਕਸ਼ਨ ਦੇ ਲੱਛਣ ਤਾਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵੱਡਾ ਕਾਰਣ ਹੈ ਸਰਹੱਦਾਂ ਨੂੰ ਖੁੱਲੇ ਰੱਖਣ ਲਈ।